ਨਾਭਾ— ਪੰਜਾਬ ਵਿਚ 8 ਦਸੰਬਰ ਤੋਂ ਹੋਣ ਵਾਲੀ ਇਨਸਾਫ ਮਾਰਚ ਦੇ ਸਬੰਧ ਵਿਚ ਮੀਟਿੰਗ ਕਰਨ ਲਈ ਸਾਂਝੇ ਤੌਰ ‘ਤੇ ਸੁਖਪਾਲ ਸਿੰਘ ਖਹਿਰਾ ਅਤੇ ਆਪ ਪਾਰਟੀ ਤੋਂ ਸਸਪੈਂਡ ਕੀਤੇ ਗਏ ਸੰਸਦ ਮੈਂਬਰ ਧਰਮਵੀਰ ਗਾਂਧੀ ਅੱਜ ਵਿਸ਼ੇਸ਼ ਤੌਰ ‘ਤੇ ਨਾਭਾ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਇਕ ਸੰਕਟ ਵਿਚ ਜਾ ਪਹੁੰਚਿਆ ਹੈ ਅਤੇ ਉਸ ਨੂੰ ਕੱਢਣ ਲਈ ਅਸੀਂ ਇਕਜੁੱਟ ਹੋਏ ਹਾਂ। ਅਸੀਂ ਤਿੰਨ ਧਿਰਾਂ ਲੋਕ ਇਨਸਾਫ਼ ਪਾਰਟੀ, ਖਹਿਰਾ ਧੜਾ ਅਤੇ ਮੈਂ ਖੁਦ ਉਸ ਵਿਚ ਸ਼ਾਮਲ ਹਾਂ।
ਪੰਜਾਬ ਵਿਚ ਨਸ਼ੇ ਨਾਲ ਹੋ ਰਹੀਆਂ ਲਗਾਤਾਰ ਮੌਤਾਂ ‘ਤੇ ਧਰਵੀਰ ਗਾਂਧੀ ਨੇ ਕਾਂਗਰਸ ਸਰਕਾਰ ‘ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਮਾਫੀਆ ਦਾ ਰਾਜ ਕਾਇਮ ਹੈ ਜਿਸ ਕਾਰਨ ਮੌਤਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਹਵਾ ਨਿਕਲ ਚੁੱਕੀ ਹੈ।
ਗਾਂਧੀ ਨੇ ਅਕਾਲੀ ਦਲ ਅਤੇ ਕਾਂਗਰਸ ‘ਤੇ ਵਾਰ ਕਰਦਿਆਂ ਕਿਹਾ ਕਿ ਅਕਾਲੀਆਂ ਸਮੇਂ ਵੀ ਡੀ.ਜੀ.ਪੀ. ਸੁਰੇਸ਼ ਅਰੋੜਾ ਸੀ ਅਤੇ ਕਾਂਗਰਸ ਸਮੇਂ ਵੀ ਡੀ.ਜੀ.ਪੀ. ਸੁਰੇਸ਼ ਅਰੋੜਾ ਹੈ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਅਕਾਲੀਆਂ ਦੀ ਬਣੀ ਹੋਈ ਦੁਕਾਨ ਕਾਂਗਰਸ ਨੇ ਸਾਂਭ ਲਈ ਹੈ ਇਸੇ ਕਰਕੇ ਹੀ ਡੀ.ਜੀ.ਪੀ. ਨੂੰ ਨਹੀਂ ਬਦਲਿਆ ਗਿਆ।