ਬੁਲੰਦ ਸ਼ਹਿਰ— ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਵਿਚ 3 ਦਸੰਬਰ ਯਾਨੀ ਕਿ ਸੋਮਵਾਰ ਨੂੰ ਗਊ ਹੱਤਿਆ ਦੇ ਸ਼ੱਕ ਵਿਚ ਹਿੰਸਾ ਭੜਕੀ। ਇਸ ਹਿੰਸਾ ਵਿਚ ਸਯਾਨਾ ਥਾਣੇ ਦੇ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਅਤੇ ਇਕ ਨੌਜਵਾਨ ਦੀ ਮੌਤ ਹੋ ਗਈ। ਹਿੰਸਕ ਭੀੜ ਨੇ ਥਾਣਾ ਫੂਕ ਦਿੱਤਾ ਅਤੇ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ। ਇੰਸਪੈਕਟਰ ਸੁਬੋਧ ਆਪਣੀ ਪੁਲਸ ਟੀਮ ਨਾਲ ਹਿੰਸਾ ਨੂੰ ਰੋਕਣ ਗਏ ਸਨ ਅਤੇ ਜਦੋਂ ਭੀੜ ਨਹੀਂ ਰੁਕੀ ਤਾਂ ਉਨ੍ਹਾਂ ਨੇ ਪੁਲਸ ‘ਤੇ ਹੀ ਹਮਲਾ ਕਰ ਦਿੱਤਾ। ਭੀੜ ਵਲੋਂ ਕੀਤੇ ਗਏ ਹਮਲੇ ‘ਚ ਇੰਸਪੈਕਟਰ ਦੀ ਜਾਨ ਚਲੀ ਗਈ। ਓਧਰ ਸ਼ਹੀਦ ਇੰਸਪੈਕਟਰ ਸੁਬੋਧ ਦੇ ਛੋਟੇ ਬੇਟੇ ਅਭਿਸ਼ੇਕ ਨੇ ਦੱਸਿਆ ਕਿ ਇਸ ਘਟਨਾ ਤੋਂ ਪਹਿਲਾਂ 2 ਦਸੰਬਰ ਨੂੰ ਪਾਪਾ ਨਾਲ ਸਾਡੀ ਵੀਡੀਓ ਕਾਲ ਹੋਈ ਸੀ। ਪਾਪਾ ਨੇ 4 ਤਰੀਕ ਨੂੰ ਇਕ ਦੋਸਤ ਦੇ ਬੇਟੇ ਦੀ ਕੁੜਮਾਈ ਵਿਚ ਜਾਣਾ ਸੀ। ਪਾਪਾ ਸ਼ਾਮ ਨੂੰ ਘਰ ਆਉਣ ਵਾਲੇ ਸਨ। ਪਾਪਾ ਦਾ ਟਰਾਂਸਫਰ ਹੁੰਦਾ ਰਹਿੰਦਾ ਹੈ, ਜਿਸ ਵਜ੍ਹਾ ਕਰ ਕੇ ਉਹ ਸਯਾਨਾ ਥਾਣੇ ਵਿਚ ਰਹਿੰਦੇ ਸਨ। ਉਮਰ ਨੂੰ ਦੇਖਦੇ ਹੋਏ ਰੋਜ਼ ਉਨ੍ਹਾਂ ਨੂੰ ਆਉਣ-ਜਾਣ ਵਿਚ ਮੁਸ਼ਕਲ ਹੋ ਜਾਂਦੀ ਸੀ।
ਘਟਨਾ ਵਾਲੇ ਦਿਨ ਬਾਰੇ ਅਭਿਸ਼ੇਕ ਨੇ ਦੱਸਿਆ ਕਿ 3 ਦਸੰਬਰ ਨੂੰ ਪਾਪਾ ਦੀ ਮੰਮੀ ਨਾਲ ਫੋਨ ‘ਤੇ ਸਵੇਰੇ ਗੱਲ ਹੋਈ। ਇਸ ਗੱਲਬਾਤ ਮਗਰੋਂ ਫੋਨ ਆਇਆ ਕਿ ਸਾਬ੍ਹ ਨੂੰ ਸੱਟ ਲੱਗ ਗਈ ਹੈ, ਤੁਸੀਂ ਆ ਜਾਓ। ਅਸੀਂ ਕਿਹਾ ਕਿ ਦੱਸੋ ਤਾਂ ਸਹੀ ਕੀ ਹੋਇਆ ਹੈ, ਸਾਨੂੰ ਦੱਸਿਆ ਗਿਆ ਕਿ ਸਾਬ੍ਹ ਨੂੰ ਗੋਲੀ ਲੱਗੀ ਹੈ। ਹਾਲਤ ਬਹੁਤ ਗੰਭੀਰ ਹੈ। ਮੈਂ ਸਕੂਲ ਤੋਂ ਵਾਪਸ ਆਇਆ ਸੀ ਅਤੇ ਸਕੂਲ ਦੇ ਕੱਪੜੇ ਵੀ ਨਹੀਂ ਉਤਾਰੇ ਸਨ। ਪਾਪਾ ਦੇ ਚਲੇ ਜਾਣ ਤੋਂ ਬਾਅਦ 3 ਦਿਨਾਂ ਤੋਂ ਕੋਈ ਸੁੱਤਾ ਨਹੀਂ ਹੈ।
ਸ਼ਹੀਦ ਸੁਬੋਧ ਦੀ ਪਤਨੀ ਨੇ ਪਤੀ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਬਹੁਤ ਦਲੇਰ ਸਨ। ਦੱਸਣਯੋਗ ਹੈ ਕਿ ਸ਼ਹੀਦ ਇੰਸਪੈਕਟਰ ਸੁਬੋਧ ਦੇ ਪਰਿਵਾਰ ‘ਚ ਦੋ ਬੇਟੇ ਹਨ। ਸ਼ੈਰੀ ਪ੍ਰਤਾਪ ਸਿੰਘ ਅਤੇ ਅਭਿਸ਼ੇਕ ਪ੍ਰਤਾਪ ਸਿੰਘ। ਵਕੀਲ ਬਣਨ ਦੀ ਖਵਾਇਸ਼ ਰੱਖਣ ਵਾਲਾ ਅਭਿਸ਼ੇਕ 12ਵੀਂ ਦਾ ਵਿਦਿਆਰਥੀ ਹੈ, ਜਦੋਂ ਕਿ ਸ਼ੈਰੀ ਯੂ. ਪੀ. ਐੱਸ. ਸੀ. ਦੀ ਤਿਆਰੀ ਕਰ ਰਹੇ ਹਨ। ਇੰਸਪੈਕਟਰ ਸੁਬੋਧ ਚਾਹੁੰਦੇ ਸਨ ਕਿ ਉਨ੍ਹਾਂ ਦੇ ਦੋਵੇਂ ਬੇਟੇ ਪੜ੍ਹ-ਲਿਖ ਕੇ ਚੰਗਾ ਮੁਕਾਮ ਹਾਸਲ ਕਰਨ।