ਨਵੀਂ ਦਿੱਲੀ — ਸੰਸਦ ਦਾ 11 ਦਸੰਬਰ ਤੋਂ ਸ਼ੁਰੂ ਹੋਣ ਵਾਲਾ ਸਰਦ ਰੁੱਤ ਸੈਸ਼ਨ ‘ਗਰਮ’ ਰਹਿਣ ਦੀ ਸੰਭਾਵਨਾ ਹੈ। ਸੈਸ਼ਨ ਦੌਰਾਨ ਕਈ ਮੁੱਦਿਆਂ ‘ਤੇ ਹੰਗਾਮੇਦਾਰ ਚਰਚਾ ਹੋਵੇਗੀ। ਸਰਕਾਰ ਤਿੰਨ ਤਲਾਕ, ਖਪਤਕਾਰ ਸੁਰੱਖਿਆ, ਚਿਟ ਫੰਡ, ਡੀ. ਐੱਨ. ਏ. ਅਤੇ ਗੈਰ-ਕਾਨੂੰਨੀ ਸਰਗਰਮੀਆਂ ਦੀ ਰੋਕਥਾਮ ਵਰਗੇ ਬਿਲਾਂ ਸਮੇਤ ਲੱਗਭਗ 3 ਦਰਜਨ ਬਿੱਲ ਪਾਸ ਕਰਵਾਉਣਾ ਚਾਹੁੰਦੀ ਹੈ। ਇਨ੍ਹਾਂ ‘ਚੋਂ 20 ਬਿੱਲ ਨਵੇਂ ਹਨ ਜਦਕਿ ਬਾਕੀ ਦੇ ਬਿੱਲ ਪਿਛਲੇ ਸੈਸ਼ਨ ਦੌਰਾਨ ਪੇਸ਼ ਕੀਤੇ ਗਏ ਸਨ। ਕਾਂਗਰਸ ਸਮੇਤ ਵੱਖ-ਵੱਖ ਵਿਰੋਧੀ ਪਾਰਟੀਆਂ ਰਾਫੇਲ ਮੁੱਦੇ, ਖੇਤੀਬਾੜੀ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਨਾਲ ਸਬੰਧਤ ਮੁੱਦੇ ਉਠਾਉਣਗੀਆਂ। ਵਿਰੋਧੀ ਧਿਰ ਵਲੋਂ ਸੀ. ਬੀ. ਆਈ. ਦੇ ਉੱਚ ਅਧਿਕਾਰੀਆਂ ਦੇ ਝਗੜੇ ਵਰਗੇ ਮੁੱਦੇ ਵੀ ਉਠਾਏ ਜਾਣਗੇ। ਸਰਕਾਰ ਕੋਲੋਂ ਉਨ੍ਹਾਂ ਦਾ ਜਵਾਬ ਮੰਗਾਂਗੇ। ਸੰਸਦ ਸੈਸ਼ਨ ਦੌਰਾਨ ਉਠਾਏ ਜਾਣ ਵਾਲੇ ਮੁੱਦਿਆਂ ਦੀ ਰੂਪ-ਰੇਖਾ ਪਾਰਟੀ ਦੀ ਬੈਠਕ ‘ਚ ਤੈਅ ਕੀਤੀ ਜਾਏਗੀ।
ਸਰਕਾਰ ਲਈ ਇਹ ਸੈਸ਼ਨ ਬੇਹੱਦ ਅਹਿਮ : ਗੋਇਲ
ਸੰਸਦੀ ਮਾਮਲਿਆਂ ਬਾਰੇ ਮੰਤਰੀ ਵਿਜੇ ਗੋਇਲ ਨੇ ਦੱਸਿਆ ਕਿ ਸਰਕਾਰ ਲਈ ਇਹ ਅਹਿਮ ਸੈਸ਼ਨ ਹੈ। ਤਿੰਨ ਆਰਡੀਨੈੱਸ ਸਬੰਧੀ ਬਿੱਲ ਲਿਆਂਦੇ ਜਾਣੇ ਹਨ। ਅਸੀਂ ਤਿੰਨ ਤਲਾਕ ਬਾਰੇ ਬਿੱਲ ਪਾਸ ਕਰਵਾਉਣਾ ਚਾਹੁੰਦੇ ਹਾਂ। ਲੋਕ ਸਭਾ ਵਿਚ ਪਿਛਲੇ ਸੈਸ਼ਨ ਦੌਰਾਨ ਪੇਸ਼ ਕੀਤੇ ਗਏ 15 ਤੇ ਰਾਜ ਸਭਾ ਵਿਚ ਪੇਸ਼ ਕੀਤੇ ਗਏ 9 ਬਿੱਲ ਪਾਸ ਕਰਵਾਏ ਜਾਣੇ ਹਨ।
ਚੋਣ ਨਤੀਜਿਆਂ ਦਾ ਸੈਸ਼ਨ ‘ਤੇ ਪਏਗਾ ਅਸਰ
ਸੰਸਦ ਦਾ ਸਰਦ ਰੁੱਤ ਸੈਸ਼ਨ ਅਜਿਹੇ ਸਮੇਂ ਸ਼ੁਰੂ ਹੋ ਰਿਹਾ ਹੈ, ਜਦੋਂ 5 ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ ਵਿਧਾਨ ਸਭਾਵਾਂ ਦੇ ਨਤੀਜੇ ਆਉਣੇ ਹਨ। ਇਨ੍ਹਾਂ ‘ਚੋਂ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਭਾਜਪਾ ਤੇ ਕਾਂਗਰਸ ਲਈ ਅਤਿਅੰਤ ਅਹਿਮ ਮੰਨੇ ਜਾਂਦੇ ਹਨ। ਸੰਸਦ ਸੈਸ਼ਨ ‘ਤੇ ਚੋਣ ਨਤੀਜਿਆਂ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ।