ਚੰਡੀਗੜ : ਦਸੰਬਰ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਹੈ ਕਿ ਸਿੱਖ ਸ਼ਰਧਾਲੂਆਂ ਨੂੰ ਸਾਰੇ ਤਖ਼ਤਾਂ ਦੀ ਯਾਤਰਾ ਕਰਵਾਉਣ ਵਾਲੀ ਰੇਲ ਗੱਡੀ ਸ਼ੁਰੂ ਕਰਨ ਦਾ ਐਲਾਨ ਕਰਕੇ ਕੇਂਦਰ ਸਰਕਾਰ ਨੇ ਸਿੱਖਾਂ ਨੂੰ ਥੋੜ•ੇ ਹੀ ਸਮੇਂ ਵਿਚ ਦੋ ਵੱਡੇ ਤੋਹਫੇ ਦੇ ਦਿੱਤੇ ਹਨ। ਪਹਿਲਾ ਤੋਹਫਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਿੱਥੇ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਦੇਵੇਗਾ, ਉਥੇ ਦੂਜਾ ਤੋਹਫਾ ‘ਪੰਜ ਤਖ਼ਤ ਐਕਸਪ੍ਰੈਸ’ ਰੇਲ ਗੱਡੀ ਸਿੱਖਾਂ ਦੀ ਇੱਕੋ ਵਾਰ ਸਾਰੇ ਤਖ਼ਤਾਂ ਦੇ ਦਰਸ਼ਨਾਂ ਦੀ ਤਾਂਘ ਨੂੰ ਪੂਰਾ ਕਰੇਗੀ।
ਇੱਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਲਗਾਤਾਰ ਯਤਨਾਂ ਮਗਰੋਂ ਕੇਂਦਰੀ ਰੇਲਵੇ ਮੰਤਰੀ ਸ੍ਰੀ ਪਿਯੂਸ਼ ਗੋਇਲ ਨੇ ਸਿੱਖ ਭਾਈਚਾਰੇ ਦੀ ਸਿੱਖ ਪੰਥ ਦੇ ਸਾਰੇ ਪਵਿੱਤਰ ਤਖ਼ਤਾਂ ਦੇ ਦਰਸ਼ਨ ਕਰਾਉਣ ਵਾਲੀ ਐਕਸਪ੍ਰੈਸ ਰੇਲ ਗੱਡੀ ਸ਼ੁਰੂ ਕਰਨ ਦੀ ਚਿਰੋਕਣੀ ਮੰਗ ਨੂੰ ਹਰੀ ਝੰਡੀ ਦੇ ਦਿੱਤੀ ਹੈ। ਐਕਸਪ੍ਰੈਸ ਰੇਲਗੱਡੀ ਇਹ ਪਵਿੱਤਰ ਯਾਤਰਾ 14 ਜਨਵਰੀ 2019 ਤੋਂ ਸ਼ੁਰੂ ਕਰੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਸਿੱਖਾਂ ਵਾਸਤੇ ਇਹ ਪ੍ਰਮਾਤਮਾ ਦੀ ਦੂਹਰੀ ਬਖਸ਼ਿਸ਼ ਹੋ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਉੱਤੇ ਕਰਤਾਰਪੁਰ ਲਾਂਘਾ ਖੁੱਲਣ ਦੇ ਨਾਲ ਸਾਰੇ ਤਖ਼ਤਾਂ ਦੀ ਸੌਖੀ ਯਾਤਰਾ ਦੀ ਇਹ ਨਿਵੇਕਲੀ ਸਹੂਥਲਤ ਵੀ ਪ੍ਰਾਪਤ ਹੋ ਗਈ ਹੈ। ਉਹਨਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਿੱਖ ਕਰਤਾਰਪੁਰ ਸਾਹਿਬ ਦੇ ਪਵਿੱਤਰ ਸਥਾਨ ਸਮੇਤ ਪੰਜੇ ਤਖ਼ਤਾਂ ਦੇ ਦਰਸ਼ਨ ਕਰਨ। ਉਹਨਾਂ ਕਿਹਾ ਕਿ ਅਗਲਾ ਸਾਲ ਖਾਲਸਾ ਲਈ ਜਿੱਤ ਦਾ ਸਾਲ ਹੋਵੇਗਾ।
ਬੀਬੀ ਬਾਦਲ ਨੇ ਕਿਹਾ ਕਿ ਇਸ ਨਾਲ ਸਿੱਖ ਭਾਈਚਾਰੇ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਹੈ, ਖਾਸ ਕਰਕੇ ਥੋੜ•ੇ ਸਮੇਂ ਲਈ ਭਾਰਤ ਆਉਣ ਵਾਲੇ ਪਰਵਾਸੀ ਸਿੱਖਾਂ ਦੀ ਸਾਰੇ ਤਖ਼ਤਾਂ ਦੀ ਪਰਿਕਰਮਾ ਕਰਨ ਦੀ ਮੁਰਾਦ ਪੂਰੀ ਹੋਣ ਲੱਗੀ ਹੈ। ਰੇਲਵੇ ਵਿਭਾਗ ਵੱਲੋਂ ਐਨਆਰਆਈਜ਼ ਲਈ ਰਿਜ਼ਰਵੇਸ਼ਨ ਦੀ ਸਹੂਲਤ ਦੀ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਉਹ ਆਪਣੀਆਂ ਟਿਕਟਾਂ ਅਗਾਂਊ ਬੁੱਕ ਕਰਵਾ ਕੇ ਆਪਣੀ ਯਾਤਰਾ ਦਾ ਪ੍ਰੋਗਰਾਮ ਆਪਣੀ ਸਹੂਲਤ ਮੁਤਾਬਿਕ ਉਲੀਕ ਸਕਦੇ ਹਨ ਅਤੇ ਉਹਨਾਂ ਨੂੰ ਟਰੈਵਲ ਏਜੰਟਾਂ ਹੱਥੋਂ ਖੱਜਲ-ਖੁਆਰੀ ਨਹੀਂ ਸਹਿਣੀ ਪਵੇਗੀ।
ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਬਜੁਰਗ ਅਤੇ ਅਧਖੜ ਉਮਰ ਦੀਆਂ ਔਰਤਾਂ ਨੂੰ ਹੁਣ ਤਖ਼ਤਾਂ ਦੇ ਦਰਸ਼ਨਾਂ ਲਈ ਜਾਣ ਵਾਸਤੇ ਵਾਰ ਵਾਰ ਗੱਡੀਆਂ ਬਦਲਣ ਦੀ ਤਕਲੀਫ ਨਹੀਂ ਸਹਿਣੀ ਪਵੇਗੀ।
ਕੇਂਦਰੀ ਮੰਤਰੀ ਨੇ ਦੱਸਿਆ ਕਿ ‘ਪੰਜ ਤਖ਼ਤ ਐਕਸਪ੍ਰੈਸ’ ਨਾਂ ਦੀ ਇਹ ਰੇਲਗੱਡੀ ਦਿੱਲੀ ਦੇ ਸਫਦਰਜੰਗ ਸਟੇਸ਼ਨ ਤੋਂ ਚੱਲੇਗੀ ਅਤੇ ਹਜ਼ੂਰ ਸਾਹਿਬ, ਨਾਂਦੇੜ ਦੂਜੇ ਦਿਨ, ਪਟਨਾ ਸਾਹਿਬ ਪੰਜਵੇਂ ਦਿਨ, ਸ੍ਰੀ ਆਨੰਦਪੁਰ ਸਾਹਿਬ ਸੱਤਵੇਂ ਦਿਨ ਪਹੁੰਚੇਗੀ ਅਤੇ ਫਿਰ ਇਹ ਅੰਮ੍ਰਿਤਸਰ ਪੁੱਜੇਗੀ। ਉਸ ਤੋਂ ਬਾਅਦ 9ਵੇਂ ਦਿਨ ਸ਼ਰਧਾਲੂਆਂ ਨੂੰ ਕੇ ਅਖੀਰ ਦਿੱਲੀ ਪਹੁੰਚੇਗੀ।
ਇਹ ਰੇਲਗੱਡੀ ਸਾਰੇ ਤਖ਼ਤਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ਼੍ਰੀ ਕੇਸਗੜ• ਸਾਹਿਬ, ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਯਾਤਰਾ ਕਰਵਾਏਗੀ। ਇਹ ਰੇਲ ਗੱਡੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਰਾਤ ਨੂੰ ਵੀ ਰੁਕੇਗੀ।
ਬੀਬੀ ਬਾਦਲ ਨੇ ਕਿਹਾ ਕਿ ਉਹਨਾਂ ਨੇ ਰੇਲਵੇ ਮੰਤਰੀ ਨੂੰ ਸ਼ਰਧਾਲੂਆਂ ਦੀ ਇਸ ਯਾਤਰਾ ਨੂੰ ਅਰਾਮਦਾਇਕ ਅਤੇ ਕਿਫਾਇਤੀ ਬਣਾਉਣ ਦੀ ਅਪੀਲ ਕੀਤੀ ਸੀ। ਇਹ ਰੇਲਗੱਡੀ ਪੂਰੀ ਤਰ•ਾਂ ਏਅਰਕੰਡੀਸ਼ਨਡ ਹੋਵੇਗੀ, ਜਿਸ ਦਾ ਕਿਰਾਇਆ 15,750 ਰੁਪਏ ਹੋਵੇਗਾ। ਉਹਨਾਂ ਕਿਹਾ ਕਿ ਇਸ ਰੇਲਗੱਡੀ ਦੇ ਸ਼ੁਰੂ ਹੋਣ ਦੇ ਐਲਾਨ ਨਾਲ ਉਹਨਾਂ ਬਹੁਤ ਜ਼ਿਆਦਾ ਤਸੱਲੀ ਮਿਲੀ ਹੈ, ਕਿਉਂਕਿ ਇਸ ਨਾਲ ਉਹਨਾਂ ਦਾ ਚਿਰੋਕਣਾ ਸੁਫਨਾ ਪੂਰਾ ਹੋ ਗਿਆ ਹੈ। ਉਹਨਾਂ ਕਿਹਾ ਕਿ ਮੈਂ ਵਾਹਿਗੁਰੂ ਦੀ ਸ਼ੁਕਰਗੁਜ਼ਾਰ ਹਾਂ, ਜਿਹਨਾਂ ਨੇ ਗੁਰੂ ਸਾਹਿਬਾਨ ਦੇ ਸ਼ਰਧਾਲੂਆਂ ਨੂੰ ਅਜਿਹੀ ਸਹੂਥਲਤ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਵਾਸਤੇ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਵੀ ਧੰਨਵਾਦੀ ਹਨ, ਜਿਹਨਾਂ ਨੇ ਸਾਡੇ ਕੋਈ ਮੰਗ ਭੁੰਜੇ ਨਹੀਂ ਡਿੱਗਣ ਦਿੱਤੀ ਹੈ ਅਤੇ ਹਮੇਸ਼ਾਂ ਆਪਣੇ ਸਾਥੀਆਂ ਨੂੰ ਸਿੱਖ ਭਾਈਚਾਰੇ ਦੀ ਮੰਗਾਂ ਫੌਰੀ ਪੂਰੀਆਂ ਕਰਨ ਦਾ ਨਿਰਦੇਸ਼ ਦਿੱਤਾ ਹੈ।