ਸਿਡਨੀ – ਪਾਕਿਸਤਾਨੀ ਮੂਲ ਦੇ ਆਸਟਰੇਲਿਆਈ ਕ੍ਰਿਕਟਰ ਉਸਮਾਨ ਖ਼ਵਾਜਾ ਦੇ ਵੱਡੇ ਭਰਾ ਨੂੰ ਨਿਊ ਸਾਊਥ ਵੇਲਜ਼ ਦੀ ਪੁਲੀਸ ਨੇ ਸ੍ਰੀਲੰਕਾ ਦੇ ਵਿਦਿਆਰਥੀ ਨੂੰ ਇੱਕ ਫ਼ਰਜ਼ੀ ਅਤਿਵਾਦੀ ਸਾਜ਼ਿਸ਼ ਵਿੱਚ ਫ਼ਸਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸ ਫ਼ਰਜ਼ੀ ਸਾਜ਼ਿਸ਼ ਤਹਿਤ ਆਸਟਰੇਲੀਆ ਦੇ ਸਾਬਕਾ ਸਿਆਸਤਦਾਨਾਂ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਮੇਕਲਮ ਟਰਨਬੁਲ ਦਾ ਨਾਮ ਵੀ ਸ਼ਾਮਿਲ ਸੀ। ਪੁਲੀਸ ਦੇ ਇੱਕ ਸੂਤਰ ਨੇ ਦੱਸਿਆ ਕਿ ਪਾਕਿਸਤਾਨੀ ਮੂਲ ਦੇ ਅਰਸਲਾਨ ਖ਼ਵਾਜਾ ਨੂੰ ਸਿਡਨੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਸ੍ਰੀਲੰਕਾ ਦੇ ਵਿਦਿਆਰਥੀ ਮੁਹੰਮਦ ਕਮਰ ਨਿਜ਼ਾਮੂਦੀਨ ਨੂੰ ਇਸ ਸਾਲ ਅਗਸਤ ਵਿੱਚ ਸਿਡਨੀ ਤੋਂ ਹੀ ਗ੍ਰਿਫ਼ਤਾਰ ਕੀਤਾ ਸੀ। ਸਾਲ ਦੇ ਸ਼ੁਰੂ ਵਿੱਚ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਦਫ਼ਤਰ ਵਿੱਚ ਬਰਾਮਦ ਹੋਈ ਨੋਟਬੁੱਕ ਵਿੱਚ ਕਥਿਤ ਤੌਰ ‘ਤੇ ਇਹ ਯੋਜਨਾ ਦਰਜ ਸੀ।