ਨਵੀਂ ਦਿੱਲੀ – ਮਹਿਲਾ ਕ੍ਰਿਕਟ ਟੀਮ ਦੇ ਕੋਚ ਰਮੇਸ਼ ਪੋਵਾਰ ਦੇ ਵਿਵਾਦਤ ਕਾਰਜਕਾਲ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਦੋ ਹਿੱਸਿਆਂ ‘ਚ ਵੰਡੀ ਗਈ ਹੈ। T-20 ਕਪਤਾਨ ਹਰਮਨਪ੍ਰੀਤ ਅਤੇ ਉੱਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਸੀਨੀਅਰ ਖਿਡਾਰੀ ਮਿਤਾਲੀ ਰਾਜ ਨਾਲ ਵਿਵਾਦ ਤੋਂ ਬਾਅਦ ਕੋਚ ਦੀ ਵਾਪਸੀ ਦੀ ਮੰਗ ਕੀਤੀ ਹੈ। COA ਦੇ ਪ੍ਰਧਾਨ ਵਿਨੋਦ ਰਾਏ ਨੇ ਦੱਸਿਆ ਕਿ ਹਰਮਨ ਅਤੇ ਮੰਧਾਨਾ ਨੇ ਪੋਵਾਰ ਨੂੰ 2021 ਤਕ ਕੋਚ ਬਣਾਉਨ ਦਾ ਸਮੱਰਥਨ ਕੀਤਾ ਹੈ।
ਪੋਵਾਰ ਦਾ ਕਾਰਜਕਾਲ 30 ਨਵੰਬਰ ਨੂੰ ਖ਼ਤਮ ਹੋ ਚੁੱਕਿਆ ਹੈ ਅਤੇ BCCI ਪਹਿਲਾਂ ਹੀ ਇਸ ਦੀ ਨਿਯੁਕਤੀ ਲਈ ਆਵੇਦਨ ਮੰਗ ਚੁੱਕੀ ਹੈ ਜਿਸ ‘ਚ ਪੋਵਾਰ ਇੱਕ ਵਾਰ ਫ਼ੇਰ ਐਪਲਾਈ ਕਰ ਸਕਦਾ ਹੈ। ਜਿੱਥੇ ਹਰਮਨ ਅਤੇ ਮੰਧਾਨਾ ਨੇ ਪੋਵਾਰ ਦਾ ਸਮੱਰਥਨ ਕੀਤਾ ਹੈ, ਉੱਥੇ ਮਿਤਾਲੀ ਰਾਜ ਨੇ ਉਸ ਨੂੰ ਫ਼ੇਰ ਤੋਂ ਕੋਚ ਬਣਾਉਨ ਦਾ ਵਿਰੋਧ ਕੀਤਾ ਹੈ।
ਇਸ ਦੇ ਨਾਲ ਹੀ ਹਰਮਨ ਨੇ ਕਿਹਾ ਕਿ ਮਿਤਾਲੀ ਨੂੰ ਟੀਮ ਤੋਂ ਬਾਹਰ ਕਰਨਾ ਟੀਮ ਪ੍ਰਬੰਧਕਾਂ ਦਾ ਫ਼ੈਸਲਾ ਸੀ, ਇਸ ਦੇ ਲਈ ਇਕੱਲੇ ਪੋਵਾਰ ਜ਼ਿੰਮੇਦਾਰ ਨਹੀਂ। ਸਮ੍ਰਿਤੀ ਨੇ ਵੀ ਇਸ ਮਾਮਲੇ ‘ਚ ਹਰਮਨਪ੍ਰੀਤ ਦਾ ਸਾਥ ਦਿੱਤਾ ਅਤੇ ਕਿਹਾ, ”ਉਨ੍ਹਾਂ ਕਰਕੇ ਅਸੀਂ 14 ਟੀ-20 ਮੈਚ ਜਿੱਤਣ ‘ਚ ਕਾਮਯਾਬ ਰਹੇ।”