ਅੰਮ੍ਰਿਤਸਰ : ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਭੁੱਲਾਂ ਬਖਸ਼ਾਉਣ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਪ੍ਰਕਾਸ਼ ਸਿੰਘ ਬਾਦਲ ਨੇ ਭੁੱਲਾਂ ਦੱਸਣ ਤੋਂ ਹੀ ਇਨਕਾਰ ਕਰ ਦਿੱਤਾ ਹੈ। ਜੋੜਾ ਘਰ ਵਿਚ ਸੇਵਾ ਨਿਭਾਉਣ ਪਹੁੰਚੇ ਬਾਦਲ ਤੋਂ ਜਦੋਂ ਪੱਤਰਕਾਰਾਂ ਨੇ ਕਿਨ੍ਹਾਂ ਭੁੱਲਾਂ ਦੀ ਖਿਮਾ ਮੰਗਣ ‘ਤੇ ਸਵਾਲ ਪੁੱਛਿਆ ਤਾਂ ਬਾਦਲ ਨੇ ਦੱਸਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਫਿਲਹਾਲ ਉਹ ਇਸ ਬਾਰੇ ਕੁਝ ਨਹੀਂ ਬੋਲਣਾ ਚਾਹੁੰਦੇ। ਬਾਦਲ ਨੇ ਕਿਹਾ ਕਿ ਉਹ ਤਿੰਨ ਦਿਨ ਲਈ ਸ੍ਰੀ ਦਰਬਾਰ ਸਾਹਿਬ ਵਿਚ ਰਹਿ ਕੇ ਸੇਵਾ ਨਿਭਾਉਣਗੇ। ਇਸ ਤੋਂ ਬਾਅਦ ਉਹ ਪ੍ਰੈੱਸ ਕਾਨਫਰੰਸ ਕਰਕੇ ਇਸ ਸਾਰੇ ਮਾਮਲੇ ਬਾਰੇ ਦੱਸਣਗੇ।
ਦੱਸਣਯੋਗ ਹੈ ਕਿ ਬੀਤੇ ਸਮੇਂ ਦੌਰਾਨ ਹੋਈਆਂ ਭੁੱਲਾਂ ਬਖਸ਼ਾਉਣ ਲਈ ਸਮੁੱਚੀ ਅਕਾਲੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਮਤਸਕਰ ਹੋਈ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਮਜੀਠੀਆ, ਦਿਲਜੀਤ ਚੀਮਾ ਸਣੇ ਸਮੁੱਚੇ ਲੀਡਰਾਂ ਨੇ ਜੋੜਾ ਘਰ, ਲੰਗਰ ਘਰ ਵਿਚ ਸੇਵਾ ਕੀਤੀ ਗਈ।