ਫ਼ਿਲਮ ਦਮ ਲਗਾ ਕੇ ਹਈਸ਼ਾ (2015) ਨਾਲ ਬੌਲੀਵੁਡ ‘ਚ ਡੈਬਿਊ ਕਰਨ ਵਾਲੀ ਅਦਾਕਾਰਾ ਭੂਮੀ ਪੇਡਨੇਕਰ ਨੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਕਰ ਕੇ ਇੰਡਸਟਰੀ ‘ਚ ਆਪਣੀ ਇੱਕ ਵੱਖਰੀ ਪਛਾਣ ਕਾਇਮ ਕਰ ਲਈ ਹੈ। ਹੁਣ ਤਕ ਉਹ ਟੌਇਲੈੱਟ ਏਕ ਪ੍ਰੇਮ ਕਥਾ, ਸ਼ੁੱਭ ਮੰਗਲ ਵਿਆਹ ਅਤੇ ਲਸਟ ਸਟੋਰੀਜ਼ ਵਰਗੀਆਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾ ਚੁੱਕੀ ਹੈ। ਇਨ੍ਹਾਂ ਫ਼ਿਲਮਾਂ ਦੇ ਸੁਪਰਹਿੱਟ ਹੋਣ ਦੇ ਨਾਲ ਹੀ ਭੂਮੀ ਹੌਲੀ-ਹੌਲੀ ਸਫ਼ਲਤਾ ਦੀ ਪੌੜੀ ਚੜ੍ਹਦੀ ਜਾ ਰਹੀ ਹੈ, ਅਤੇ ਉਸ ਦੇ ਫ਼ੈਨਜ਼ ਦੀ ਗਿਣਤੀ ਵੀ ਕਾਫ਼ੀ ਤੇਜ਼ੀ ਨਾਲ ਵੱਧ ਰਹੀ ਹੈ।
ਇਸ ਗੱਲ ‘ਤੇ ਉਸ ਨਾਲ ਹਾਲ ਹੀ ‘ਚ ਵਾਪਰੀ ਇੱਕ ਘਟਨਾ ਪੱਕੀ ਮੋਹਰ ਲਾਉਂਦੀਹੈ। ਅਸਲ ‘ਚ ਇਨ੍ਹੀਂ ਦਿਨੀਂ ਭੂਮੀ ਆਗਰਾ ਸ਼ਹਿਰ ‘ਚ ਆਪਣੀ ਅਗਲੀ ਫ਼ਿਲਮ ਡੌਲੀ, ਕਿੱਟੀ ਔਰ ਚਮਕਤੇ ਸਿਤਾਰੇ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਸ਼ੂਟਿੰਗ ਦੌਰਾਨ ਭੂਮੀ ਦੇ ਫ਼ੈਨਜ਼ ਇਸ ਫ਼ਿਲਮ ਦੇ ਸੈੱਟ ‘ਤੇ ਵੱਡੀ ਗਿਣਤੀ ‘ਚ ਇਕੱਠੇ ਹੋ ਗਏ। ਉਹ ਭੂਮੀ ਨਾਲ ਫ਼ੋਟੋ ਲੈਣ ਦੀ ਜ਼ਿਦ ਕਰ ਰਹੇ ਸਨ। ਭੂਮੀ ਵੀ ਆਪਣੇ ਬਹੁਤ ਸਾਰੇ ਫ਼ੈਨਜ਼ ਨੂੰ ਵੇਖ ਕੇ ਕਾਫ਼ੀ ਖ਼ੁਸ਼ ਸੀ। ਉਸ ਨੇ ਆਪਣੇ ਫ਼ੈਨਜ਼ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਫ਼ੋਟੋਜ਼ ਵੀ ਖਿਚਵਾਈਆਂ।
ਭੂਮੀ ਦੇ ਇਸ ਸੁਭਾਅ ਨੂੰ ਵੇਖਦੇ ਹੋਏ ਉਸ ਨੇ ਫ਼ੈਨਜ਼ ਨੇ ਸ਼ੂਟਿੰਗ ‘ਚ ਕੋਈ ਰੁਕਾਵਟ ਨਹੀਂ ਪਾਈ ਅਤੇ ਸ਼ਾਂਤੀ ਨਾਲ ਉਸ ਨੂੰ ਸ਼ੂਟਿੰਗ ਪੂਰੀ ਕਰਨ ਦਿੱਤੀ। ਸ੍ਰੀਵਾਸਤਵ ਦੁਆਰਾ ਨਿਰਦੇਸ਼ਿਤ ਅਤੇ ਏਕਤਾ ਕਪੂਰ ਦੁਆਰਾ ਪ੍ਰੋਡਿਊਸਡ ਇਹ ਫ਼ਿਲਮ ਨੌਜਵਾਨ ਪੀੜ੍ਹੀ ਦੀ ਕਹਾਣੀ ਹੈ। ਇਸ ਵਿੱਚ ਭੂਮੀ ਅਤੇ ਕੋਂਕਣਾ ਸੇਨ ਸ਼ਰਮਾ ਨਜ਼ਰ ਆਉਣਗੀਆਂ। ਇਸ ਤੋਂ ਇਲਾਵਾ ਭੂਮੀ ਦੀ ਫ਼ਿਲਮ ਸੋਨ ਚਿੜੀਆ ਵੀ ਰਿਲੀਜ਼ ਲਈ ਤਿਆਰ ਹੈ। ਇਹ ਚੰਬਲ ਦੇ ਡਾਕੂਆਂ ਦੀ ਕਹਾਣੀ ਹੈ। ਇਹ ਫ਼ਿਲਮ 8 ਫ਼ਰਵਰੀ ਨੂੰ ਰਿਲੀਜ਼ ਹੋਵੇਗੀ।