ਨਵੀਂ ਦਿੱਲੀ — ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਈਸਲੈਂਡ ਦੇ ਆਪਣੇ ਹਮਰੁਤਬਾ ਮੰਤਰੀ ਗੁਆਲਾਉਗੁਰ ਪੋਰ ਨਾਲ ਵਪਾਰ, ਨਿਵੇਸ਼ ਅਤੇ ਊਰਜਾ ਦੇ ਖੇਤਰ ਵਿਚ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਗੱਲਬਾਤ ਕੀਤੀ। ਇੱਥੇ ਦੱਸ ਦੇਈਏ ਕਿ ਆਈਸਲੈਂਡ ਦੀ ਰਾਜਧਾਨੀ ਰੇਕਜੇਵਿਕ ਅਤੇ ਨਵੀਂ ਦਿੱਲੀ ਦਰਮਿਆਨ ਸ਼ੁਰੂ ਹੋਈ ਪਹਿਲੀ ਉਡਾਣ ਤੋਂ ਪੋਰ ਸ਼ੁੱਕਰਵਾਰ ਨੂੰ ਇੱਥੇ ਪਹੁੰਚੇ।
ਸੁਸ਼ਮਾ ਨੇ ਬੈਠਕ ਵਿਚ ਕਿਹਾ ਕਿ ਆਈਸਲੈਂਡ ਭੂ-ਤਾਪੀ ਊਰਜਾ ਦੇ ਖੇਤਰ ਵਿਚ ਦੁਨੀਆ ਵਿਚ ਮੋਹਰੀ ਹੈ ਅਤੇ ਇਸ ਖੇਤਰ ਵਿਚ ਸਹਿਯੋਗ ਨਾਲ ਭਾਰਤ ਨੂੰ ਹਰਿਤ ਊਰਜਾ ਵੱਲ ਵਧਣ ਵਿਚ ਲਾਭ ਮਿਲ ਸਕਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ।
ਦੱਸਣਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਭਾਰਤ ਅਤੇ ਆਈਸਲੈਂਡ ਦੇ ਸਬੰਧ ਮਜ਼ਬੂਤ ਹੋਏ ਹਨ। ਆਈਸਲੈਂਡ ਪਹਿਲਾ ਨਾਰਡੀਕ (ਉੱਤਰੀ ਯੂਰਪ ਦੇ ਕੁਝ ਦੇਸ਼ਾਂ ਦਾ ਇਕ ਸਮੂਹ) ਦੇਸ਼ ਹੈ, ਜਿਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਜਨਤਕ ਰੂਪ ਨਾਲ ਸਮਰਥਨ ਕੀਤਾ ਸੀ।