ਅਕਸ਼ੈ ਕੁਮਾਰ ਨੇ ਹਾਲ ਹੀ ‘ਚ ਮਰਦਾਂ ਤੇ ਔਰਤਾਂ ‘ਚ ਬਰਾਬਰੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਹਿੰਮਤੀ ਮਹਿਲਾਵਾਂ ਮਜ਼ਬੂਤ ਦੇਸ਼ ਦਾ ਨਿਰਮਾਣ ਕਰਦੀਆਂ ਹਨ। ਅਕਸ਼ੇ ਸੰਯੁਕਤ ਰਾਸ਼ਟਰ ਦੀ ਇੱਕ ਵਿਸ਼ੇਸ਼ ਮੁਹਿੰਮ ਹੈਸ਼ ਟੈਗ ਹੀ ਫ਼ੌਰ ਸ਼ੀ ਨੂੰ ਸਰਮਥਨ ਦੇਣ ਲਈ ਹੋਰ ਬੌਲੀਵੁਡ ਸਿਤਾਰਿਆਂ, ਜਿਵੇਂ ਕਿ ਸ਼ਾਹਰੁਖ਼ ਖ਼ਾਨ, ਵਰੁਣ ਧਵਨ, ਸਿਧਾਰਥ ਮਲਹੋਤਰਾ, ਵਿਕੀ ਕੌਸ਼ਲ, ਰੇਖਾ, ਜ਼ੀਨਤ ਅਮਾਨ, ਹੇਮਾ ਮਾਲਿਨੀ, ਮਾਧੁਰੀ ਦੀਕਸ਼ਿਤ, ਕਰੀਨਾ ਕਪੂਰ ਖ਼ਾਨ, ਆਦਿ, ਨਾਲ ਬੀਤੇ ਦਿਨੀਂ ਲਕਸ ਗੋਲਡਨ ਰੋਜ਼ ਐਵਾਰਡਜ਼ ‘ਚ ਸ਼ਾਮਿਲ ਹੋਇਆ।
ਇਸ ਮੌਕੇ ‘ਤੇ ਅਕਸ਼ੇ ਨੇ ਕਿਹਾ, ”ਜਦੋਂ ਮਹਿਲਾਵਾਂ ਮਜ਼ਬੂਤ ਹੁੰਦੀਆਂ ਹਨ, ਪਰਿਵਾਰ ਮਜ਼ਬੂਤ ਬਣਦਾ ਹੈ ਅਤੇ ਦੇਸ਼ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ। ਮੈਂ ਅਜਿਹੇ ਪਰਿਵਾਰ ਦਾ ਹਿੱਸਾ ਬਣ ਕੇ ਖ਼ੁਸ਼ ਹਾਂ ਜਿੱਥੇ ਕਈ ਮਜ਼ਬੂਤ ਮਹਿਲਾਵਾਂ ਜਿਵੇਂ ਮੇਰੀ ਮਾਂ, ਮੇਰੀ ਪਤਨੀ, ਮੇਰੀ ਭੈਣ ਅਤੇ ਮੇਰੀ ਸੱਸ ਹਨ।” ਇਹ ਮੁਹਿੰਮ ਸਮਾਜ ‘ਚ ਔਰਤਾਂ ਦੇ ਯੋਗਦਾਨ ਦੀ ਯਾਦ ਦੁਆਉਂਦੀ ਹੈ। ਫ਼ਿਲਮ ਸਨਅਤ ‘ਚ ਅਭਿਨੇਤਰੀਆਂ ਦੀ ਭੂਮਿਕਾ ਬਾਰੇ ‘ਚ ਸ਼ਾਹਰੁਖ਼ ਨੇ ਕਿਹਾ ਕਿ ਔਰਤਾਂ ਨੇ ਉਸ ਦੀ ਇੱਕ ਬਿਹਤਰ ਇਨਸਾਨ ਬਣਨ ‘ਚ ਬਹੁਤ ਮਦਦ ਕੀਤੀ ਹੈ।
ਅਕਸ਼ੇ ਨੇ ਹਾਊਸਫ਼ੁੱਲ-4 ਦੀ ਸ਼ੂਟਿੰਗ ਕੀਤੀ ਪੂਰੀ
ਹਾਲ ਹੀ ‘ਚ ਅਕਸ਼ੇ ਨੇ ਆਪਣੀ ਅਗਲੀ ਫ਼ਿਲਮ ਹਾਊਸਫ਼ੁੱਲ-4 ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਬਾਰੇ ਜਾਣਕਾਰੀ ਅਕਸ਼ੇ ਨੇ ਇੱਕ ਟਵੀਟ ਜ਼ਰੀਏ ਦਿੱਤੀ ਜਿਸ ‘ਚ ਉਸ ਨੇ ਇੱਕ ਤਸਵੀਰ ਵੀ ਜਨਤਕ ਕੀਤੀ। ਇਸ ਤਸਵੀਰ ਨਾਲ ਉਸ ਨੇ ਲਿਖਿਆ, ”ਅਸੀਂ ਹਾਊਸਫ਼ੁੱਲ-4 ਦੀ ਸ਼ੂਟਿੰਗ ਖ਼ਤਮ ਕਰ ਲਈ ਹੈ। ਹਾਊਸਫ਼ੁੱਲ-4 ਦਾ ਮਜ਼ਾ ਕਦੇ ਵੀ ਖ਼ਤਮ ਨਹੀਂ ਹੁੰਦਾ, ਅਤੇ ਤੁਹਾਨੂੰ ਇਹ ਮਜ਼ਾ 2019 ਵਿੱਚ ਮਿਲੇਗਾ।
ਇਸੇ ਫ਼ਿਲਮ ‘ਚ ਅਹਿਮ ਕਿਰਦਾਰ ਨਿਭਾ ਰਹੀ ਅਦਾਕਾਰਾ ਕ੍ਰਿਤੀ ਸੈਨਨ ਨੇ ਵੀ ਇਹੀ ਤਸਵੀਰ ਜਨਤਕ ਕੀਤੀ ਹੈ ਅਤੇ ਲਿਖਿਆ ਹੈ ਕਿ ਮਜ਼ੇਦਾਰ ਅਤੇ ਪਾਗਲਪਨ ਨਾਲ ਭਰੀ ਇਹ ਯਾਤਰਾ ਪੂਰੀ ਹੋ ਗਈ, ਅਤੇ ਹਾਊਸਫ਼ੁੱਲ-4 ਦੀ ਸ਼ੂਟਿੰਗ ਖ਼ਤਮ ਹੋ ਗਈ। ਇਸ ‘ਚ ਰਿਤੇਸ਼ ਦੇਸ਼ਮੁਖ, ਬੌਬੀ ਦਿਓਲ, ਕ੍ਰਿਤੀ ਖਰਬੰਦਾ, ਰਾਣਾ ਦੱਗੁਬਾਤੀ ਅਤੇ ਪੂਜਾ ਹੈਗੜੇ ਪ੍ਰਮੁੱਖ ਭੂਮਿਕਾਵਾਂ ‘ਚ ਹਨ।
ਫ਼ਿਲਮ ਨੂੰ ਕਈ ਉਤਰਾਵਾਂ-ਚੜ੍ਹਾਵਾਂ ਦਾ ਸਾਹਮਣਾ ਵੀ ਕਰਨਾ ਪਿਆ। ਰਾਣਾ ਨੂੰ ਅਦਾਕਾਰ ਨਾਨਾ ਪਾਟੇਕਰ ਦੀ ਥਾਂ ਫ਼ਿਲਮ ‘ਚ ਰੱਖਿਆ ਗਿਆ ਹੈ। ਨਾਨਾ ਪਾਟੇਕਰ ‘ਤੇ ਅਦਾਕਾਰਾ ਤਨੁਸ਼ਰੀ ਦੱਤਾ ਵਲੋਂ ਮੀਂ-ਟੂ ਮੁਹਿੰਮ ਤਹਿਤ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਉਸ ਨੂੰ ਇਸ ਫ਼ਿਲਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਫ਼ਿਲਮ ਦੇ ਨਿਰਦੇਸ਼ਕ ਸਾਜਿਦ ਖ਼ਾਨ ‘ਤੇ ਵੀ ਅਜਿਹੇ ਹੀ ਇਲਜਾਮ ਲੱਗੇ ਤਾਂ ਉਸ ਨੂੰ ਵੀ ਫ਼ਿਲਮ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਹੁਣ ਇਸ ਫ਼ਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਫ਼ਰਹਾਦ ਸਮਦੀ ਨੇ ਆਪਣੇ ਮੋਢਿਆਂ ‘ਤੇ ਲਈ ਹੈ।