ਲੁਧਿਆਣਾ : ਭਾਰਤ ਸਮੇਤ ਪੂਰੇ ਪੰਜਾਬ ‘ਚ ਠੰਡ ਨੇ ਆਪਣਾ ਜ਼ੋਰ ਫੜ੍ਹ ਲਿਆ ਹੈ। ਸੋਮਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ ‘ਚ ਭਾਰੀ ਬਾਰਸ਼ ਹੋਈ, ਜਿਸ ਤੋਂ ਬਾਅਦ ਬੂੰਦਾਬਾਂਦੀ ਸ਼ੁਰੂ ਹੋ ਗਈ। ਇਸ ਬਾਰਸ਼ ਕਾਰਨ ਠੰਡ ਵਧ ਗਈ ਹੈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਵੀ ਸੂਬੇ ‘ਚ ਹਲਕੀ ਬਾਰਸ਼ ਦੇ ਆਸਾਰ ਹਨ ਅਤੇ 13 ਦਸੰਬਰ ਨੂੰ ਸੰਘਣੀ ਧੁੰਦ ਪੈ ਸਕਦੀ ਹੈ। ਇਸ ਖਬਰ ਨਾਲ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕ ਆ ਗਈ ਹੈ ਕਿਉਂਕਿ ਫਸਲਾਂ ਨੂੰ ਬਾਰਸ਼ ਕਾਰਨ ਕਾਫੀ ਫਾਇਦਾ ਹੋਵੇਗਾ। ‘ਪੰਜਾਬ ਖੇਤੀਬਾੜੀ ਯੂਨੀਵਰਸਿਟੀ’ ਦੇ ਮੌਸਮ ਵਿਭਾਗ ਵਲੋਂ ਕਿਸਾਨਾਂ ਨੂੰ ਬਾਰਸ਼ ਸਬੰਧੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਇਸ ਬਾਰੇ ਜਦੋਂ ਮੌਸਮ ਦੇ ਮਾਹਿਰ ਮੈਡਮ ਕੇ. ਕੇ. ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਵੀ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ, ਜੋ ਕਣਕ ਦੀ ਫਸਲ ਲਈ ਕਾਫੀ ਲਾਭਦਾਇਕ ਹੈ।