ਜਲੰਧਰ — ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਜੀਫਾ ਵੰਡ ਸਮਾਰੋਹ ਦੌਰਾਨ ਸ਼੍ਰੀ ਵਿਜੇ ਚੋਪੜਾ ਜੀ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਕਾਰਾਂ ਦੇ ਬਿਨਾਂ ਦਿੱਤੀ ਗਈ ਸਿੱਖਿਆ ਨਾਲ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਅੱਜ ਸ਼੍ਰੀ ਵਿਜੇ ਚੋਪੜਾ ਜੀ ਦਾ ਬੱਚਿਆਂ ਦੀ ਲੁਕੀ ਪ੍ਰਤਿਭਾ ਨੂੰ ਉਜਾਗਰ ਕਰਨ ਦਾ ਕਾਰਜ ਸ਼ਲਾਘਾਯੋਗ ਹੈ।
ਅੱਜ ਧਰਮ, ਜਾਤ-ਪਾਤ ਦੇ ਨਾਂ ‘ਤੇ ਦੇਸ਼ ਨੂੰ ਵੰਡਿਆ ਜਾ ਰਿਹਾ ਹੈ। ਇਹੀ ਨਹੀਂ ਭਗਵਾਨ ਦੀ ਵੀ ਜਾਤ ਦੱਸੀ ਜਾ ਰਹੀ ਹੈ। ਇਹ ਸੰਕਟ ਦੀ ਘੜੀ ਹੈ, ਇਸ ਹਾਲਾਤ ‘ਚ ਸਿਆਸਤ ਤੋਂ ਉੱਪਰ ਉੱਠ ਕੇ ਦੇਸ਼ ਦੇ ਭਵਿੱਖ ਬਾਰੇ ਸੋਚਦੇ ਹੋਏ ਬੱਚਿਆਂ, ਜੋ ਦੇਸ਼ ਦਾ ਭਵਿੱਖ ਹਨ, ‘ਚ ਆਪਸੀ ਭਾਈਚਾਰਾ ਪੈਦਾ ਕਰੋ। ਕਿਤਾਬੀ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਨੂੰ ਸੰਸਕਾਰਾਂ ਦੀ ਸਿੱਖਿਆ ਵੀ ਦੇਣੀ ਚਾਹੀਦੀ ਹੈ।
ਸ਼੍ਰੀ ਵਿਜੇ ਚੋਪੜਾ ਸਾਡੇ ਲਈ ਪ੍ਰੇਰਣਾਸ੍ਰੋਤ ਹਨ : ਸੁੰਦਰ ਸ਼ਾਮ ਅਰੋੜਾ
ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੈਂ ਜਦ ਵੀ ਸ੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰੋਗਰਾਮ ‘ਚ ਆਉਂਦਾ ਹਾਂ ਤਾਂ ਕੁਝ ਨਵਾਂ ਸਿੱਖ ਕੇ ਜਾਂਦਾ ਹਾਂ। ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ ਕਿ ਮਿਹਨਤ ਕਰੋਗੇ ਤਾਂ ਆਪਣੀ ਮੰਜ਼ਿਲ ਪਾ ਸਕੋਗੇ। ਸ਼੍ਰੀ ਵਿਜੇ ਚੋਪੜਾ ਦੀ ਪ੍ਰੇਰਣਾ ਨਾਲ ਅੱਜ ਪੂਰੇ ਪੰਜਾਬ ਦੇ ਵੱਖ-ਵੱਖ ਸਥਾਨਾਂ ‘ਤੇ ਸਮਾਜਿਕ ਕਾਰਜ ਕੀਤੇ ਜਾ ਰਹੇ ਹਨ। ਦੇਸ਼ ‘ਚ ਕਿਤੇ ਵੀ ਆਫਤ ਆਈ ਤਾਂ ਚੋਪੜਾ ਪਰਿਵਾਰ ਸਭ ਤੋਂ ਪਹਿਲਾਂ ਅੱਗੇ ਆਇਆ। ਸ਼੍ਰੀ ਚੋਪੜਾ ਸਾਡੇ ਲਈ ਪ੍ਰੇਰਣਾਸ੍ਰੋਤ ਹਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਸ੍ਰੀ ਰਾਮ ਦਾ ਨਾਮ ਆਏਗਾ, ਉਥੇ ਬੁਰਾਈ ਦਾ ਖਾਤਮਾ ਹੋ ਜਾਵੇਗਾ।