ਮੋਹਾਲੀ— ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸੋਮਵਾਰ ਨੂੰ ਇਕ ਅਖਬਾਰ ਦੇ ਲਾਂਚ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਇੱਥੇ ਪੁੱਜੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ,”ਮੀਡੀਆ ਸਾਡੇ ਬਾਰੇ ਜਿਵੇਂ ਵੀ ਲਿਖਦਾ ਹੈ, ਉਹ ਸਾਡੇ ਦੋਸਤ ਹੀ ਹਨ। ਰਾਹੁਲ ਨੇ ਕਿਹਾ ਭਾਜਪਾ ਦੀ ਸਰਕਾਰ, ਨਰਿੰਦਰ ਮੋਦੀ ਹਿੰਦੁਸਤਾਨ ਦੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਪਾ ਰਹੀ ਹੈ, ਜਿਸ ਕਾਰਨ ਨੌਜਵਾਨਾਂ ‘ਚ ਅਤੇ ਆਮ ਲੋਕਾਂ ‘ਚ ਗੁੱਸਾ ਵਧਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹਿੰਦੁਸਤਾਨ ‘ਚ ਮੀਡੀਆ ਅਤੇ ਮੀਡੀਆ ਦੇ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਮੀਡੀਆ ਉਹੀ ਲਿਖਦਾ ਹੈ ਅਤੇ ਉਹੀ ਦਿਖਾਉਂਦਾ ਹੈ, ਜਿਸ ਨੂੰ ਪਾਵਰਫੁੱਲ ਲੋਕ ਦੇਖਣਾ ਅਤੇ ਸੁਣਨਾ ਚਾਹੁੰਦੇ ਹਨ।
ਰਾਹੁਲ ਨੇ ਕਿਹਾ ਕਿ ਭਾਜਪਾ ਅਤੇ ਆਰ.ਐੱਸ.ਐੱਸ. ਦੇ ਲੋਕ ਇਹੀ ਸੋਚਦੇ ਹਨ ਕਿ ਜੋ ਅਸੀਂ ਕਰ ਰਹੇ ਹਾਂ, ਜੋ ਅਸੀਂ ਦਿਮਾਗ ਨਾਲ ਸੋਚਦੇ ਹਾਂ, ਸਹੀ ਹੈ ਅਤੇ ਬਾਕੀ ਕਿਸੇ ਨੂੰ ਕੁਝ ਵੀ ਪਤਾ ਨਹੀਂ, ਉਹ ਜਨਤਾ ਦੀ ਗੱਲ ਨਹੀਂ ਕਰਦੇ। ਆਰਮੀ, ਜੁਡੀਸ਼ਰੀ ਅਤੇ ਇੱਥੇ ਤੱਕ ਕਿ ਚੋਣ ਕਮਿਸ਼ਨ ‘ਤੇ ਵੀ ਭਾਜਪਾ ਦਾ ਹਮਲਾ ਚੱਲ ਰਿਹਾ ਹੈ ਅਤੇ ਸਾਰਿਆਂ ਨੂੰ ਦਬਾਇਆ ਜਾ ਰਿਹਾ ਹੈ ਪਰ ਕਾਂਗਰਸ ਪਾਰਟੀ ਉਸ ਦੇ ਅਨਿਆਂ ਦੇ ਖਿਲਾਫ ਖੜ੍ਹੀ ਹੈ ਅਤੇ 2019 ‘ਚ ਭਾਜਪਾ ਨੂੰ ਦਿੱਲੀ ਦੀ ਗੱਦੀ ਤੋਂ ਹਟਾ ਕੇ ਹੀ ਦਮ ਲਵੇਗੀ। ਉਨ੍ਹਾਂ ਨੇ ਕਿਹਾ ਅਸੀਂ ਜਲਦੀ ਹੀ ਦਿੱਲੀ ਦੀ ਗੱਦੀ ਤੋਂ ਭਾਜਪਾ ਨੂੰ ਹਟਾਉਣ ਜਾ ਰਹੇ ਹਾਂ, ਕਿਉਂਕਿ ਦੇਸ਼ ਦੀ ਜਨਤਾ ਸਾਡੇ ਨਾਲ ਹੈ।