ਚੰਡੀਗੜ੍ਹ – ਕਾਂਗਰਸ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਚੰਡੀਗੜ੍ਹ ਸਥਿਤ ਰਿਹਾਇਸ਼ ਉਤੇ ਪਹੁੰਚ ਕੇ ਉਹਨਾਂ ਦਾ ਹਾਲ-ਚਾਲ ਜਾਣਿਆ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਮਹਾਰਾਣੀ ਪ੍ਰਨੀਤ ਕੌਰ, ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ, ਹਰੀਸ਼ ਚੌਧਰੀ, ਮੋਤੀ ਲਾਲ ਵੋਹਰ, ਸੁਨੀਲ ਜਾਖੜ ਤੋਂ ਇਲਾਵਾ ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਾਹਲ ਵੀ ਮੌਜੂਦ ਸਨ।
ਰਾਹੁਲ ਗਾਂਧੀ ਮੁੱਖ ਮੰਤਰੀ ਦੀ ਰਿਹਾਇਸ਼ ਉਤੇ ਲਗਪਗ 15 ਮਿੰਟ ਰੁਕੇ ਅਤੇ ਫਿਰ ਦਿੱਲੀ ਲਈ ਰਵਾਨਾ ਹੋ ਗਏ।
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਪੀ.ਜੀ.ਆਈ ਹਸਪਤਾਲ ਵਿਖੇ ਆਪਣੇ ਕੁਝ ਟੈਸਟ ਕਰਵਾਏ। ਪਿਛਲੇ ਹਫਤੇ ਵਾਇਰਲ ਬੁਖਾਰ ਹੋਣ ਤੋਂ ਬਾਅਦ ਉਨਾਂ ਨੇ ਇਹ ਟੈਸਟ ਮੁੜ ਕਰਵਾਏ ਹਨ। ਇਸ ਦੌਰਾਨ ਪੀ.ਜੀ.ਆਈ ਦੇ ਡਾਕਟਰਾਂ ਅਨੁਸਾਰ ਸਾਰੇ ਟੈਸਟ ਠੀਕ ਹਨ ਅਤੇ ਮੁੱਖ ਮੰਤਰੀ ਨੂੰ ਵਾਇਰਲ ਬੁਖਾਰ ਦੀ ਵਜਾ ਕਾਰਨ ਮਾਮੂਲੀ ਜਿਹੀ ਕਮਜੋਰੀ ਹੈ। ਡਾਕਟਰਾਂ ਅਨੁਸਾਰ ਉਨਾਂ ਦੇ ਕੀਤੇ ਗਏ ਸਾਰੇ ਟੈਸਟ ਠੀਕ ਨਿਕਲੇ ਹਨ। ਡਾਕਟਰਾਂ ਅਨੁਸਾਰ ਮੁੱਖ ਮੰਤਰੀ ਨੂੰ 48 ਘੰਟੇ ਲਈ ਆਰਾਮ ਦੀ ਸਲਾਹ ਦਿੱਤੀ ਗਈ ਹੈ।