ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਆਪਣੇ ਵਲੋਂ ਦਿੱਤੇ ਅਸਤੀਫ਼ੇ ‘ਤੇ ਅਟੱਲ ਰਹਿਣ ਦਾ ਦਾਅਵਾ ਕੀਤਾ ਹੈ। ਫੂਲਕਾ ਨੇ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕਰਕੇ ਅਸਤੀਫੇ ਦੀ ਯਾਦ ਦਿਵਾਈ ਹੈ ਅਤੇ ਅਸਤੀਫੇ ਨੂੰ ਮਨਜ਼ੂਰ ਕਰਨ ਦੀ ਮੰਗ ਕੀਤੀ ਹੈ।
ਸਪੀਕਰ ਨਾਲ ਮੁਲਾਕਾਤ ਤੋਂ ਬਾਅਦ ਫੂਲਕਾ ਨੇ ਦੱਸਿਆ ਕਿ ਬਰਗਾੜੀ ਮਾਮਲੇ ਵਿਚ ਕੋਈ ਕਾਰਵਾਈ ਨਾ ਹੋਣ ਕਾਰਨ ਅਤੇ ਵਿਧਾਨ ਸਭਾ ਵਿਚ 5 ਘੰਟੇ ਲਗਾਤਾਰ ਭਾਸ਼ਣਬਾਜ਼ੀ ਦੌਰਾਨ ਇਹ ਪ੍ਰਣ ਲਿਆ ਗਿਆ ਸੀ ਕਿ ਬਾਦਲ ਪਰਿਵਾਰ ਅਤੇ ਸੁਮੇਧ ਸਿੰਘ ਸੈਣੀ ਨੂੰ ਸਜ਼ਾ ਦਿਵਾਈ ਜਾਵੇਗੀ ਪਰ ਅਗਲਾ ਵਿਧਾਨ ਸਭਾ ਸੈਸ਼ਨ ਆਉਣ ਤਕ ਵੀ ਇਹ ਸੰਭਵ ਨਹੀਂ ਹੋ ਸਕਿਆ ਹੈ। ਇਸ ਲਈ ਮੈਂ ਆਪਣੇ ਵਾਅਦੇ ਅਨੁਸਾਰ ਆਪਣਾ ਅਸਤੀਫਾ 12 ਅਕਤੂਬਰ ਨੂੰ ਸੌਂਪ ਦਿੱਤਾ ਸੀ, ਜਿਸ ‘ਤੇ ਅਜੇ ਤਕ ਕਾਰਵਾਈ ਨਹੀਂ ਕੀਤੀ ਗਈ ਹੈ। ਹੁਣ ਸਪੀਕਰ ਨੇ ਇਹ ਵਿਸ਼ਵਾਸ ਦਵਾਇਆ ਹੈ ਕਿ ਜਲਦ ਹੀ ਉਨ੍ਹਾਂ ਦੇ ਅਸਤੀਫੇ ‘ਤੇ ਕਾਰਵਾਈ ਕੀਤੀ ਜਾਵੇਗੀ।