ਮੁੰਬਈ — ਭਾਰਤ ਦੇਸ਼ ਦੇ ਸਭ ਤੋਂ ਪ੍ਰਸਿੱਧ ਕਾਰੋਬਾਰੀ ਮੁਕੇਸ਼ ਅੰਬਾਨੀ ਅੱਜ ਆਪਣੀ ਲਾਡਲੀ ਧੀ ਨੂੰ ਆਨੰਦ ਪਿਰਾਮਲ ਨਾਲ ਵਿਆਹੁਣ ਤੋਂ ਬਾਅਦ ਵਿਦਾ ਕਰਨ ਵਾਲੇ ਹਨ। ਵਿਆਹ ਦੀਆਂ ਰਸਮਾਂ ਅੱਜ ਯਾਨੀ 12 ਦਸੰਬਰ ਨੂੰ ਮੁੰਬਈ ਵਿਖੇ ਉਨ੍ਹਾਂ ਦੀ ਰਿਹਾਇਸ਼ ਐਂਟੀਲਿਆ ਵਿਖੇ ਹੋਣ ਜਾ ਰਹੀਆਂ ਹਨ। ਵਿਆਹ ਦੀਆਂ ਸਾਰੀਆਂ ਰਸਮਾਂ ਭਾਰਤੀ ਰਸਮਾਂ ਅਨੁਸਾਰ ਹੋਣਗੀਆਂ। ਐਂਟੀਲਿਆ ਦੇ ਗੇਟ ਨੂੰ ਖੂਬਸੂਰਤ ਲਾਲ ਫੁੱਲਾਂ ਨਾਲ ਸਜਾਇਆ ਗਿਆ ਹੈ ਅਤੇ ਇਸ ਨੂੰ ਸੁਨਹਿਰੀ ਰੰਗ ਦੀ ਰੈਪਿੰਗ ਦਿੱਤੀ ਗਈ ਹੈ। ਦੂਰ ਤੋਂ ਦੇਖਦੇ ਹੋਏ ਐਂਟੀਲਿਆ ਦੀ ਵੱਖਰੀ ਸ਼ਾਨ ਨਜ਼ਰ ਆ ਰਹੀ ਹੈ।
ਸੂਤਰਾਂ ਅਨੁਸਾਰ ਮੁਕੇਸ਼ ਅੰਬਾਨੀ ਆਪਣੀ ਧੀ ਦੇ ਵਿਆਹ ‘ਚ ਹੁਣ ਤੱਕ 10 ਕਰੋੜ ਡਾਲਰ ਤੱਕ ਦਾ ਖਰਚਾ ਕਰ ਚੁੱਕੇ ਹਨ। ਅੰਦਾਜ਼ਿਆਂ ਅਨੁਸਾਰ ਇਹ ਵਿਆਹ ਦੁਨੀਆ ਦੇ ਸਭ ਤੋਂ ਮਹਿੰਗੇ ਵਿਆਹਾਂ ਵਿਚ ਸ਼ਾਮਲ ਹੋਣ ਵਾਲਾ ਹੈ। ਉਦੈਪੁਰ ‘ਚ ਹਜ਼ਾਰਾਂ ਦੀ ਗਿਣਤੀ ‘ਚ ਸ਼ਾਮਲ ਹੋਏ ਮਹਿਮਾਨਾਂ ਤੋਂ ਬਾਅਦ ਹੁਣ ਇਹ ਵਿਆਹ ਸੀਮਤ ਮਹਿਮਾਨਾਂ ਦੀ ਹਾਜ਼ਰੀ ‘ਚ ਹੋਵੇਗਾ।
ਖਾਸ ਮਹਿਮਾਨ ਹੀ ਹੋਣਗੇ ਵਿਆਹ ਦੀਆਂ ਰਸਮਾਂ ‘ਚ
ਸੂਤਰਾਂ ਮੁਤਾਬਕ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਣਵੀਸ ਸਮੇਤ ਕੁਝ ਹੋਰ ਸੀਨੀਅਰ ਨੇਤਾਵਾਂ ਨੇ ਵਿਆਹ ‘ਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ।