ਚੰਡੀਗੜ੍ਹ : ਹਵਾ ਪ੍ਰਦੂਸ਼ਣ ਨੂੰ ਕੰਟਰੋਲ ‘ਚ ਕਰਨ ਦੇ ਯੂ. ਟੀ. ਪ੍ਰਸ਼ਾਸਨ ਦੇ ਸਾਰੇ ਦਾਅਵੇ ਕਾਗਜ਼ੀ ਸਾਬਤ ਹੋ ਰਹੇ ਹਨ। ਪਿਛਲੇ 15 ਦਿਨਾਂ ‘ਚ ਕਈ ਵਾਰ ਚੰਡੀਗੜ੍ਹ ਦੀ ਹਵਾ ਇੰਨੀ ਖ਼ਰਾਬ ਹੋਈ ਕਿ ਏਅਰ ਕੁਆਲਿਟੀ ‘ਵੈਰੀ ਪੁਅਰ’ ਕੈਟਾਗਰੀ ਤੱਕ ਜਾ ਪਹੁੰਚੀ। ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ. ਪੀ. ਸੀ. ਸੀ.) ਤੋਂ ਪ੍ਰਾਪਤ ਅੰਕੜਿਆਂ ਨੂੰ ਵੇਖਿਆ ਜਾਵੇ ਤਾਂ ਨਵੰਬਰ ਮਹੀਨੇ ‘ਚ ਤਿੰਨ ਵਾਰ ਅਜਿਹੇ ਮੌਕੇ ਆਏ ਜਦੋਂ ਵੱਖ-ਵੱਖ ਲੋਕੇਸ਼ਨਾਂ ‘ਤੇ ਲਾਈਆਂ ਗਈਆਂ ਮਸ਼ੀਨਾਂ ‘ਚ ਏਅਰ ਕੁਆਲਿਟੀ ਇੰਡੈਕਸ ਨੇ 300 ਦਾ ਅੰਕੜਾ ਪਾਰ ਕਰ ਦਿੱਤਾ, ਜੋ ਕਿ ਵੈਰੀ ਪੂਅਰ ਕੈਟਾਗਰੀ ‘ਚ ਆਉਂਦਾ ਹੈ।
ਮਾਹਰ ਇਸ ਨੂੰ ਚੰਡੀਗੜ੍ਹ ‘ਚ ਰਹਿਣ ਵਾਲੇ ਲੋਕਾਂ ਲਈ ਖਤਰੇ ਦੀ ਘੰਟੀ ਮੰਨ ਰਹੇ ਹਨ ਕਿਉਂਕਿ ਇਹ ਹਵਾ ਲੋਕਾਂ ਦੀ ਸਿਹਤ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਹਾਲਾਂਕਿ ਪਿਛਲੇ ਕੁਝ ਮਹੀਨਿਆਂ ਤੋਂ ਪ੍ਰਸ਼ਾਸਨ ਏਅਰ ਕੁਆਲਿਟੀ ਨੂੰ ਦਰੁਸਤ ਕਰਨ ਲਈ ਪਲਾਨਿੰਗ ਤਾਂ ਕਰ ਰਿਹਾ ਹੈ ਪਰ ਅਜੇ ਤਕ ਇਸਦਾ ਕੋਈ ਫਾਇਦਾ ਨਹੀਂ ਦਿਸ ਰਿਹਾ। ਉਥੇ ਹੀ ਮਾਹਰਾਂ ਦੀ ਮੰਨੀਏ ਤਾਂ ਤਾਪਮਾਨ ‘ਚ ਗਿਰਾਵਟ ਨਾਲ ਹੀ ਏਅਰ ਕੁਆਲਿਟੀ ਹੋਰ ਵੀ ਖ਼ਰਾਬ ਹੁੰਦੀ ਜਾਵੇਗੀ।