ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਭਾਵ ਵੀਰਵਾਰ ਨੂੰ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਮੁੱਖ ਮੰਤਰੀ ਕੌਣ ਹੋਵੇਗਾ, ਇਸ ਦਾ ਐਲਾਨ ਕਰਨਗੇ। ਚਰਚਾ ਹੈ ਕਿ ਮੱਧ ਪ੍ਰਦੇਸ਼ ਤੋਂ ਕਮਲਨਾਥ ਨੂੰ ਸੂਬੇ ਦਾ ਨਵਾਂ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਕਾਂਗਰਸ ਵਿਧਾਇਕ ਦਲ ਦੀ ਬੈਠਕ ‘ਚ ਕਮਲਨਾਥ ਦੇ ਨਾਂ ‘ਤੇ ਸਹਿਮਤੀ ਮਗਰੋਂ ਫੈਸਲਾ ਰਾਹੁਲ ਗਾਂਧੀ ‘ਤੇ ਛੱਡ ਦਿੱਤਾ ਗਿਆ ਹੈ। ਇਨ੍ਹਾਂ ਚਰਚਾਵਾਂ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਏ ਜਾਣ ਦੇ ਫੈਸਲੇ ਨੂੰ ਲੈ ਕੇ ਆਪਣੇ ਟਵਿੱਟਰ ਹੈਂਡਲ ਤੋਂ ਇਕ ਟਵੀਟ ਕੀਤਾ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਲਿਖਿਆ, ”ਰਾਹੁਲ ਗਾਂਧੀ ਨੂੰ ਚਿਤਾਵਨੀ— ਸਿੱਖਾਂ ਨੇ ਅੱਗੇ ਹੀ ਬਹੁਤ ਧੀਰਜ ਰੱਖਿਆ ਹੈ ਪਰ ਹੁਣ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਨਾਲ ਸਾਨੂੰ ਭੜਕਾਓ ਨਾ। ਪਹਿਲਾਂ ਤੁਸੀਂ ਉਸ ਨੂੰ ਵਿਧਾਇਕ ਬਣਾਇਆ ਅਤੇ ਹੁਣ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਰਹੇ ਹੋ। ਉਨ੍ਹਾਂ ਅੱਗੇ ਲਿਖਿਆ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੋਈ ਸਿੱਖਾਂ ਦਾ ਦੁਸ਼ਮਣ ਬਣਨ ਦੀ ਹਿੰਮਤ ਕਰਦਾ ਹੈ ਤਾਂ ਸਿੱਖਾਂ ਨੇ ਉਸ ਦਾ ਤਿੱਖਾ ਜਵਾਬ ਦਿੱਤਾ ਹੈ। ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਵਿਰੋਧੀ ਦੰਗਿਆਂ ਦੇ ਸਾਜਿਸ਼ਕਰਤਾਵਾਂ ਨੂੰ ਬਚਾਉਣ ਦਾ ਦੋਸ਼ ਲਾਇਆ ਹੈ।”
ਆਓ ਤੁਹਾਨੂੰ ਦੱਸਦੇ ਹਾਂ ਆਖਰ ਕਿਉਂ ਕੀਤਾ ਸਿਰਸਾ ਨੇ ਅਜਿਹਾ ਟਵੀਟ—
ਦੱਸਣਯੋਗ ਹੈ ਕਿ 1984 ਸਿੱਖ ਵਿਰੋਧੀ ਦੰਗਿਆ ‘ਚ ਕਮਲਨਾਥ ਦਾ ਨਾਂ ਵੀ ਉਛਲਿਆ ਹੈ। ਸਿੱਖ ਦੰਗਿਆਂ ਨੂੰ ਲੈ ਕੇ ਕਮਲਨਾਥ ‘ਤੇ ਦੋਸ਼ ਵੀ ਲੱਗੇ ਹਨ। ਹਾਲਾਂਕਿ ਉਹ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦੇ ਆਏ ਹਨ। ਜ਼ਿਕਰਯੋਗ ਹੈ ਕਿ ਜਦੋਂ ਕਮਲਨਾਥ ਨੂੰ ਕਾਂਗਰਸ ਦਾ ਪੰਜਾਬ ਅਤੇ ਹਰਿਆਣਾ ਦਾ ਜਨਰਲ ਸਕੱਤਰ ਮੁਖੀ ਬਣਾਇਆ ਗਿਆ ਸੀ ਤਾਂ ਉਦੋਂ ਵੀ ਸਿੱਖਾਂ ਦੇ ਇਕ ਵਰਗ ਨੇ ਇਸ ਦਾ ਵਿਰੋਧ ਕੀਤਾ ਸੀ।