ਫਿਰੋਜ਼ਪੁਰ/ਜਲੰਧਰ— ਸੰਘਣੀ ਧੁੰਦ ਨੇ ਰੇਲਾਂ ਦੇ ਪਹੀਏ ਰੋਕਣੇ ਸ਼ੁਰੂ ਕਰ ਦਿੱਤੇ ਹਨ।ਉੱਤਰੀ ਭਾਰਤ ‘ਚ ਪੈ ਰਹੀ ਸੰਘਣੀ ਧੁੰਦ ਨੂੰ ਧਿਆਨ ‘ਚ ਰੱਖਦੇ ਹੋਏ ਹਰ ਡਵੀਜ਼ਨ ‘ਚ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ।ਫਿਰੋਜ਼ਪੁਰ ਡਵੀਜ਼ਨ ਵੱਲੋਂ ਬੁੱਧਵਾਰ ਨੂੰ 19 ਪੈਸੰਜਰ ਰੇਲ ਗੱਡੀਆਂ 2 ਮਹੀਨਿਆਂ ਲਈ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।ਡਵੀਜ਼ਨ ਦਫਤਰ ਵੱਲੋਂ ਜਾਰੀ ਸੂਚਨਾ ਅਨੁਸਾਰ 19 ਗੱਡੀਆਂ 14 ਦਸੰਬਰ 2018 ਤੋਂ 15 ਫਰਵਰੀ 2019 ਤੱਕ ਰੱਦ ਰਹਿਣਗੀਆਂ। ਇਸ ਨਾਲ ਇਨ੍ਹਾਂ ਪੈਸੰਜਰ ਟਰੇਨਾਂ ‘ਚ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਜਲੰਧਰ-ਹੁਸ਼ਿਆਰਪੁਰ ਵਿਚਕਾਰ ਚੱਲਣ ਵਾਲੀ ਗੱਡੀ ਜਿਸ ਦਾ ਨੰਬਰ 74911 ਤੇ 74912 ਹੈ, ਇਹ ਗੱਡੀ ਹੁਣ ਤੁਹਾਨੂੰ ਦੋ ਮਹੀਨਿਆਂ ਤਕ ਨਹੀਂ ਮਿਲਣ ਵਾਲੀ। ਇਸ ਦੇ ਇਲਾਵਾ ਜਲੰਧਰ-ਅੰਮ੍ਰਿਤਸਰ ਵਿਚਕਾਰ ਚੱਲਣ ਵਾਲੀ ਗੱਡੀ ਨੰਬਰ 74641 ਤੇ 74643 ਵੀ ਰੱਦ ਕਰ ਦਿੱਤੀ ਗਈ ਹੈ।
ਉੱਥੇ ਹੀ, ਜੇਕਰ ਤੁਸੀਂ ਅੰਮ੍ਰਿਤਸਰ-ਜਲੰਧਰ ਗੱਡੀ ਨੰਬਰ 74642 ‘ਚ ਅਕਸਰ ਸਫਰ ਕਰਦੇ ਹੋ ਤਾਂ ਇਹ ਵੀ ਰੱਦ ਕਰ ਦਿੱਤੀ ਗਈ ਹੈ। ਇਸ ਦੇ ਇਲਾਵਾ ਜਲੰਧਰ-ਲੁਧਿਆਣਾ ਗੱਡੀ ਨੰਬਰ 74648 ਤੇ 74647, ਅੰਮ੍ਰਿਤਸਰ-ਪਠਾਨਕੋਟ ਗੱਡੀ ਨੰਬਰ 74675 ਤੇ 74672 ਵੀ ਇਸ ਦੌਰਾਨ ਤੁਹਾਨੂੰ ਨਹੀਂ ਮਿਲੇਗੀ। ਅੰਮ੍ਰਿਤਸਰ-ਜਲੰਧਰ ਗੱਡੀ ਨੰਬਰ 74642 ਅਤੇ ਫਾਜ਼ਿਲਕਾ-ਕੋਟਕਪੂਰਾ ਗੱਡੀ ਨੰਬਰ 74984 ਤੇ 74981 ਵੀ ਰੱਦ ਕੀਤੀਆਂ ਗਈਆਂ ਹਨ।
ਇਨ੍ਹਾਂ ਦੇ ਇਲਾਵਾ ਜਲੰਧਰ-ਫਿਰੋਜ਼ਪੁਰ ਗੱਡੀ ਨੰਬਰ 74931 ਤੇ 74938, ਫਿਰੋਜ਼ਪੁਰ-ਫਾਜ਼ਿਲਕਾ ਵਿਚਕਾਰ ਗੱਡੀ ਨੰਬਰ 74973 ਤੇ 74976, ਲੁਧਿਆਣਾ-ਫਿਰੋਜ਼ਪੁਰ ਵਿਚਕਾਰ ਗੱਡੀ ਨੰਬਰ 54051 ਤੇ 54052 ਅਤੇ ਫਿਰੋਜ਼ਪੁਰ-ਦਿੱਲੀ ਵਿਚਕਾਰ ਪੈਸੰਜਰ ਗੱਡੀ ਨੰਬਰ 54641 ਤੇ 54642 ਦੋ ਮਹੀਨਿਆਂ ਲਈ ਰੱਦ ਕਰ ਦਿੱਤੀਆਂ ਗਈਆਂ ਹਨ।