ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ। ਅੱਜ ਪੰਜਾਬ ਵਿਧਾਨ ਸਭਾ ਵੱਲੋਂ ਵੱਖ-ਵੱਖ ਵਿਛੜੀਆਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਵਿਧਾਨ ਸਭਾ ਵਲੋਂ ਸਾਬਕਾ ਵਿਧਾਇਕ ਬਿਸ਼ਮੰਬਰ ਦਾਸ, ਸਾਬਕਾ ਵਿਧਾਇਕ ਰਾਮ ਰਤਨ ਚੌਧਰੀ ਤੋਂ ਇਲਾਵਾ ਮੇਲਾ ਸਿੰਘ, ਸੋਹਨ ਸਿੰਘ, ਸੁਰਜੀਤ ਸਿੰਘ (ਸਾਰੇ ਸੁਤੰਤਰਤਾ ਸੈਨਾਨੀ), ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ, ਮਹਾਰਾਣੀ ਦੀਪਿੰਦਰ ਕੌਰ ਮਹਿਤਾਬ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਤੋਂ ਇਲਾਵਾ ਅੰਮ੍ਰਿਤਸਰ ਰੇਲ ਹਾਦਸੇ ਵਿਚ ਮਾਰੇ ਗਏ 62 ਲੋਕਾਂ ਅਤੇ ਅੰਮ੍ਰਿਤਸਰ ਨਿਰੰਕਾਰੀ ਭਵਨ ਉਤੇ ਹੋਏ ਹਮਲੇ ਵਿਚ ਮਾਰੇ ਗਏ 3 ਲੋਕਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ।
ਅੱਜ ਦੇ ਹੀ ਦਿਨ ਸਾਲ 2001 ਵਿਚ ਭਾਰਤੀ ਸੰਸਦ ਉਤੇ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਲੋਕਾਂ ਨੂੰ ਵੀ ਪੰਜਾਬ ਵਿਧਨ ਸਭਾ ਵਲੋਂ ਸ਼ਰਧਾਜਲੀ ਦਿੱਤੀ ਗਈ।
ਇਸ ਦੌਰਾਨ ਬਿਕਰਮਜੀਤ ਮਜੀਠੀਆ ਨੇ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ 44 ਕਿਸਾਨ ਖੁਦਕੁਸ਼ੀ ਕਰ ਗਏ ਹਨ ਅਤੇ ਉਹਨਾਂ ਨੂੰ ਵੀ ਸਦਨ ਵਲੋਂ ਸ਼ਰਧਾਂਜਲੀ ਭੇਂਟ ਕੀਤੀ ਜਾਵੇ। ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ 49 ਕਿਸਾਨਾਂ ਵਲੋਂ ਖੁਦਕੁਸ਼ੀ ਕੀਤੀ ਗਈ ਅਤੇ ਖੁਦਕੁਸ਼ੀ ਕਰ ਚੁੱਕੇ ਇਹਨਾਂ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇ। ਇਸ ਤੋਂ ਇਲਾਵਾ ਵਿਧਾਇਕ ਡਾ. ਸੁੱਖੀ ਨੇ ਡੇਂਗੂ ਦਾ ਮਸਲਾ ਉਠਾਇਆ।
ਇਸ ਤੋਂ ਇਲਾਵਾ ਸਪੀਕਰ ਨੇ ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਥਿੰਦ ਜੋ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਪਿਤਾ ਹਨ, ਦਾ ਨਾਂ ਵੀ ਸੂਚੀ ਵਿੱਚ ਸ਼ਾਮਲ ਕਰਨ ਲਈ ਸਹਿਮਤੀ ਦੇ ਦਿੱਤੀ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਕਹਿਣ ਇਹਨਾਂ ਸਾਰਿਆਂ ਨੂੰ ਸਦਨ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।