ਐਡੀਲੇਡ – ਆਸਟਰੇਲੀਆ ਦੇ ਪੁਛੱਲੇ ਬੱਲੇਬਾਜ਼ਾਂ ਨੇ ਦੁਨੀਆ ਦੀ ਨੰਬਰ ਇੱਕ ਟੀਮ ਤੇ ਉਸ ਦੇ ਪ੍ਰਸ਼ੰਸਕਾਂ ਦੇ ਸਾਹ ਰੋਕ ਦਿੱਤੇ ਸਨ। ਐਡੀਲੇਡ ਓਵਲ ‘ਚ ਚਾਰ ਟੈੱਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਕਿਸੇ ਵੀ ਪਾਸੇ ਜਾ ਸਕਦਾ ਸੀ, ਪਰ ਰਵੀਚੰਦਰਨ ਅਸ਼ਵਿਨ ਨੇ ਜੋਸ਼ ਹੇਜ਼ਲਵੁਡ (13) ਨੂੰ ਕੇ. ਐੱਲ. ਰਾਹੁਲ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਆਸਟਰੇਲੀਆਈ ਜ਼ਮੀਨ ‘ਤੇ 10 ਸਾਲ ਬਾਅਦ ਪਹਿਲੀ ਟੈੱਸਟ ਜਿੱਤ ਦਿਵਾ ਦਿੱਤੀ। ਟੀਮ ਇੰਡੀਆ ਨੇ ਮੈਚ ਦੇ ਪੰਜਵੇਂ ਦਿਨ 31 ਦੌੜਾਂ ਨਾਲ ਜਿੱਤ ਹਾਸਿਲ ਕਰ ਕੇ ਸੀਰੀਜ਼ ‘ਚ 1-0 ਨਾਲ ਬੜ੍ਹਤ ਬਣਾ ਲਈ ਹੈ। ਇਸ ਨਾਲ ਇਹ ਪਹਿਲਾ ਮੌਕਾ ਹੈ ਜਦ ਭਾਰਤ ਨੇ ਆਸਟਰੇਲੀਆਈ ਜ਼ਮੀਨ ‘ਤੇ ਕਿਸੇ ਟੈੱਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਜਿੱਤਿਆ ਹੈ। ਇਸ ਨਾਲ ਹੀ ਟੀਮ ਇੰਡੀਆ ਦੀ ਆਸਟਰੇਲੀਆ ਵਿੱਚ ਪਹਿਲੀ ਟੈੱਸਟ ਸੀਰੀਜ਼ ਜਿੱਤਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਆਸਟਰੇਲੀਆਈ ਟੀਮ ਚੌਥੀ ਪਾਰੀ ਵਿੱਚ 323 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 291 ਦੌੜਾਂ ਤਕ ਹੀ ਪੁੱਜ ਸਕੀ।
ਪਹਿਲੀ ਵਾਰ ਹੋਇਆ ਅਜਿਹਾ: ਭਾਰਤ ਨੇ ਪਹਿਲੀ ਪਾਰੀ ਵਿੱਚ 41 ਦੌੜਾਂ ‘ਤੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ। ਇਹ ਪਹਿਲਾ ਮੌਕਾ ਹੈ ਜਦ ਟੀਮ ਇੰਡੀਆ ਨੇ ਚੋਟੀ ਦੀਆਂ ਚਾਰ ਵਿਕਟਾਂ 50 ਦੌੜਾਂ ਅੰਦਰ ਗੁਆਉਣ ਦੇ ਬਾਵਜੂਦ ਮੈਚ ਜਿੱਤਿਆ। ਭਾਰਤ ਨੇ ਪਹਿਲੀ ਪਾਰੀ ਵਿੱਚ 250 ਦੌੜਾਂ ਬਣਾਈਆਂ ਅਤੇ ਆਸਟਰੇਲੀਆ ਨੂੰ 235 ਦੌੜਾਂ ‘ਤੇ ਰੋਕ ਦਿੱਤਾ। ਭਾਰਤ ਨੇ ਦੂਜੀ ਪਾਰੀ ਵਿੱਚ ਆਖ਼ਰੀ ਪੰਜ ਵਿਕਟਾਂ 25 ਦੌੜਾਂ ਅੰਦਰ ਗੁਆਉਣ ਦੇ ਬਾਵਜੂਦ 307 ਦੌੜਾਂ ਬਣਾ ਕੇ ਆਸਟਰੇਲੀਆ ਸਾਹਮਣੇ ਚੁਣੌਤੀਪੂਰਨ ਟੀਚਾ ਰੱਖਿਆ ਸੀ।
ਵਿਕਟਕੀਪਰ ਰਿਸ਼ਭ ਪੰਤ ਲਈ ਵੀ ਇਹ ਟੈੱਸਟ ਖ਼ਾਸ ਰਿਹਾ। ਉਸ ਨੇ ਮੈਚ ਵਿੱਚ ਕੁੱਲ 11 ਕੈਚ ਲੈ ਕੇ ਇੰਗਲੈਂਡ ਦੇ ਜੈਕ ਰਸਲ ਅਤੇ ਦੱਖਣੀ ਅਫ਼ਰੀਕਾ ਦੇ ਏ.ਬੀ. ਡਿਵੀਲੀਅਰਜ਼ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ। ਇਸ ਮੈਚ ਵਿੱਚ ਕੁੱਲ 35 ਕੈਚ ਲਏ ਗਏ ਜੋ ਕਿ ਵਿਸ਼ਵ ਰਿਕਾਰਡ ਹੈ। ਆਸਟਰੇਲੀਆ ਦੀ ਦੂਜੀ ਪਾਰੀ ਵਿੱਚ ਭਾਰਤੀ ਗੇਂਦਬਾਜ਼ਾਂ ਮੁਹੰਮਦ ਸ਼ਮੀ (3/65), ਜਸਪ੍ਰੀਤ ਬੁਮਰਾਹ (3/68), ਰਵੀਚੰਦਰਨ ਅਸ਼ਵਿਨ ਨੇ ਕਮਾਲ ਕੀਤਾ। ਆਸਟਰੇਲੀਆ ਨੇ ਮੈਚ ਦੇ ਪੰਜਵੇਂ ਦਿਨ ਸੋਮਵਾਰ ਦੀ ਸਵੇਰ ਚਾਰ ਵਿਕਟਾਂ ‘ਤੇ 104 ਦੌੜਾਂ ਤੋਂ ਪਾਰੀ ਅੱਗੇ ਵਧਾਈ ਪਰ ਟ੍ਰੈਵਿਸ ਹੈੱਡ (14) ਤੇ ਸ਼ੌਅਨ ਮਾਰਸ਼ (60) ਦੀ ਭਾਈਵਾਲੀ ਸਿਰਫ਼ 7.4 ਓਵਰਾਂ ਤਕ ਚੱਲੀ।
ਭਾਰਤ ਨੇ ਪੁਰਾਣੀ ਕੂਕਾਬੁਰਾ ਗੇਂਦ ਨਾਲ ਕਾਮਯਾਬੀ ਹਾਸਿਲ ਕਰਨ ਵਿੱਚ ਦੇਰ ਨਾ ਲਾਈ। ਹੈੱਡ ਸਵੇਰੇ ਆਊਟ ਹੋਣ ਵਾਲਾ ਪਹਿਲਾ ਬੱਲੇਬਾਜ਼ ਸੀ। ਇਸ਼ਾਂਤ ਦੇ ਸਟੀਕ ਬਾਊਂਸਰ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ। ਗੇਂਦ ਹੈੱਡ ਦੇ ਬੱਲੇ ਨਾਲ ਲੱਗ ਕੇ ਹਵਾ ਵਿੱਚ ਤੈਰਦੀ ਹੋਈ ਗਲੀ ਵਿੱਚ ਗਈ ਜਿੱਥੇ ਅਜਿੰਕੇ ਰਹਾਣੇ ਨੇ ਉਸ ਨੂੰ ਕੈਚ ਕਰਨ ਵਿੱਚ ਕੋਈ ਗ਼ਲਤੀ ਨਹੀਂ ਕੀਤੀ। ਮਾਰਸ਼ ਧੀਰਜ ਨਾਲ ਖੇਡ ਰਿਹਾ ਸੀ। ਉਸ ਨੇ 160 ਗੇਂਦਾਂ ‘ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਜੋ ਚੌਥੀ ਪਾਰੀ ਵਿੱਚ ਉਸ ਦਾ ਪਹਿਲਾ ਅਰਧ ਸੈਂਕੜਾ ਵੀ ਹੈ। ਇਹ ਕੁੱਲ ਮਿਲਾ ਕੇ ਉਸ ਦਾ 10ਵਾਂ ਟੈੱਸਟ ਅਰਧ ਸੈਂਕੜਾ ਸੀ।
ਮੈਚ ਦਾ ਮਹੱਤਵਪੂਰਪਨ ਮੋੜ: ਬੁਮਰਾਹ ਨੇ ਭਾਰਤ ਨੂੰ ਮਾਰਸ਼ ਦੀ ਵਿਕਟ ਦਿਵਾਈ। ਇਹ ਮਹੱਤਵਪੂਰਨ ਮੋੜ 73ਵੇਂ ਓਵਰ ਵਿੱਚ ਆਇਆ ਜਦ ਬਾਹਰ ਵੱਲ ਮੂਵ ਕਰਦੀ ਗੇਂਦ ਮਾਰਸ਼ ਦੇ ਬੱਲੇ ਦਾ ਕਿਨਾਰਾ ਲੈ ਕੇ ਪੰਤ ਦੇ ਦਸਤਾਨਿਆਂ ਵਿੱਚ ਚਲੀ ਗਈ। ਬੁਮਰਾਹ ਨੇ ਇਸ ਤੋਂ ਬਾਅਦ ਕਪਤਾਨ ਟਿਮ ਪੇਨ (41) ਨੂੰ ਗ਼ਲਤ ਟਾਈਮਿੰਗ ਨਾਲ ਪੁੱਲ ਸ਼ੌਟ ਖੇਡਣ ਦੀ ਸਜ਼ਾ ਦਿੱਤੀ। ਪੰਤ ਨੇ ਦੌੜ ਲਾ ਕੇ ਹਵਾ ਵਿੱਚ ਲਹਿਰਾਉਂਦਾ ਕੈਚ ਲਿਆ। ਭਾਰਤੀ ਪੁਛੱਲੇ ਬੱਲੇਬਾਜ਼ਾਂ ਤੋਂ ਉਲਟ ਆਸਟਰੇਲੀਆ ਦੇ ਹੇਠਲੇ ਨੰਬਰ ਦੇ ਬੱਲੇਬਾਜ਼ਾਂ ਨੇ ਕਮਾਲ ਦਾ ਜਜ਼ਬਾ ਦਿਖਾਇਆ ਅਤੇ ਭਾਰਤ ਨੂੰ ਜਿੱਤ ਲਈ ਸੰਘਰਸ਼ ਕਰਵਾਇਆ।
ਆਸਟਰੇਲੀਆ ਦੇ ਆਖ਼ਰੀ ਚਾਰ ਬੱਲੇਬਾਜ਼ਾਂ ਨੇ 107 ਦੌੜਾਂ ਜੋੜੀਆਂ ਜਿਸ ਵਿੱਚ ਨੇਥਨ ਲਿਓਨ ਨੇ ਸਭ ਤੋਂ ਜ਼ਿਆਦਾ ਅਜੇਤੂ 38 ਦੌੜਾਂ ਬਣਾਈਆਂ ਜਦਕਿ ਪੈਟ ਕਮਿਨਜ਼ (28) ਨੇ 121 ਗੇਂਦਾਂ ਤਕ ਇੱਕ ਪਾਸਾ ਸੰਭਾਲੀ ਰੱਖਿਆ। ਕਮਿਨਜ਼ ਨੇ ਇੱਕ ਪਾਸਾ ਸੰਭਾਲੀ ਰੱਖਣ ਨੂੰ ਤਰਜ਼ੀਹ ਦਿੱਤੀ। ਉਸ ਨੇ ਪੇਨ ਨਾਲ ਸੱਤਵੀਂ ਵਿਕਟ ਲਈ 31, ਮਿਸ਼ੈਲ ਸਟਾਰਕ (28) ਨਾਲ ਅੱਠਵੀਂ ਵਿਕਟ ਲਈ 41 ਅਤੇ ਫ਼ਿਰ ਲਿਓਨ ਨਾਲ ਨੌਵੀਂ ਵਿਕਟ ਲਈ 31 ਦੌੜਾਂ ਦੀਆਂ ਭਾਈਵਾਲੀਆਂ ਕੀਤੀਆਂ। ਕਮਿਨਜ਼ ਨੂੰ ਇਸ ਵਿਚਾਲੇ ਦੋ ਵਾਰ DRS ਨਾਲ ਫ਼ਾਇਦਾ ਵੀ ਮਿਲਿਆ।
ਪੰਤ ਨੇ ਸਟਾਰਕ ਦਾ ਕੈਚ ਲੈ ਕੇ ਇੱਕ ਟੈੱਸਟ ਮੈਚ ਵਿੱਚ ਸਭ ਤੋਂ ਜ਼ਿਆਦਾ ਕੈਚ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ। ਕਮਿਨਜ਼ ਦੀ ਪਾਰੀ ਦਾ ਅੰਤ ਆਖ਼ਰ ਵਿੱਚ ਬੁਮਰਾਹ ਨੇ ਕੀਤਾ। ਲਿਓਨ ਅਤੇ ਜੋਸ਼ ਹੇਜ਼ਲਵੁਡ (13) ਨੇ ਜਲਦੀ ਹੀ ਭਾਰਤੀਆਂ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ। ਮੈਚ ਰੋਮਾਂਚਕ ਮੋੜ ‘ਤੇ ਪੁੱਜ ਰਿਹਾ ਸੀ, ਪਰ ਅਸ਼ਵਿਨ ਨੇ ਆਖ਼ਿਰ ਹੇਜ਼ਲਵੁਡ ਨੂੰ ਕੈਚ ਦੇਣ ਲਈ ਮਜਬੂਰ ਕਰ ਦਿੱਤਾ। ਕੋਹਲੀ ਦੱਖਣੀ ਅਫ਼ਰੀਕਾ, ਇੰਗਲੈਂਡ ਅਤੇ ਆਸਟਰੇਲੀਆ ਵਿੱਚ ਟੈੱਸਟ ਮੈਚ ਜਿੱਤਣ ਵਾਲਾ ਪਹਿਲਾ ਭਾਰਤੀ ਕਪਤਾਨ ਬਣ ਗਿਆ। ਭਾਰਤ ਦੀ ਜਿੱਤ ਦੇ ਹੀਰੋ ਮੈਨ ਔਫ਼ ਦਾ ਮੈਚ ਪੁਜਾਰਾ ਰਿਹਾ।