ਨਵੀਂ ਦਿੱਲੀ— ਰਾਮ ਮੰਦਰ, ਰਾਫੇਲ ਜਹਾਜ਼ ਸੌਦੇ, ਆਂਧਰਾ ਪ੍ਰਦੇਸ਼ ਮੁੜ ਗਠਨ ਕਾਨੂੰਨ ਨੂੰ ਲਾਗੂ ਕਰਨ ਦੀ ਮੰਗ ਅਤੇ ਕਾਵੇਰੀ ਡੇਲਟਾ ਖੇਤਰ ਦੇ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਸੰਸਦ ਦੇ ਦੋਹਾਂ ਸਦਨਾਂ ‘ਚ ਵੀਰਵਾਰ ਵੀ ਵੱਖ-ਵੱਖ ਦਲਾਂ ਦੇ ਮੈਂਬਰਾਂ ਨੇ ਹੰਗਾਮਾ ਕੀਤਾ। ਰੌਲੇ ਕਾਰਨ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਸਿਰਫ 10 ਮਿੰਟ ਦੇ ਅੰਦਰ ਹੀ ਮੁਲਤਵੀ ਕਰ ਦਿੱਤੀ ਗਈ, ਉੱਥੇ ਹੀ ਲੋਕ ਸਭਾ 2 ਵਾਰ ਮੁਲਤਵੀ ਹੋਣ ਬਾਅਦ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਸਰਦ ਰੁੱਤ ਸੈਸ਼ਨ ਤੀਜੇ ਦਿਨ ਲੋਕ ਸਭਾ ਦੀ ਕਾਰਵਾਈ ਸ਼ਿਮੋਗਾ ਤੋਂ ਨਵੇਂ ਚੁਣੇ ਸੰਸਦ ਮੈਂਬਰ ਬੀ.ਵਾਈ. ਰਾਘਵੇਂਦਰ ਨੂੰ ਸਹੁੰ ਚੁਕਾਉਣ ਦੇ ਨਾਲ ਸ਼ੁਰੂ ਹੋਈ। ਇਸ ਤੋਂ ਬਾਅਦ ਸਦਨ ਨੇ 13 ਦਸੰਬਰ 2001 ਦੇ ਸੰਸਦ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਮਰਹੂਮ ਸਾਬਕਾ ਮੈਂਬਰ ਐੱਮ. ਐੱਚ. ਅੰਬਰੀਸ਼ ਨੂੰ ਸ਼ਰਧਾਂਜਲੀ ਦਿੱਤੀ ਗਈ। ਸਦਨ ‘ਚ ਪ੍ਰਸ਼ਨਕਾਲ ਸ਼ੁਰੂ ਹੁੰਦੇ ਹੀ ਕਾਂਗਰਸ, ਸ਼ਿਵ ਸੈਨਾ, ਤੇਦੇਪਾ ਅਤੇ ਅੰਨਾਦਰਮੁਕ ਦੇ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ ਆਸਨ ਨੇੜੇ ਪਹੁੰਚ ਗਏ। ਹੱਥਾਂ ‘ਚ ਤਖਤੀਆਂ ਲਏ ਹੋਏ ਕਾਂਗਰਸ ਮੈਂਬਰ ਰਾਫੇਲ ਮਾਮਲੇ ਦੀ ਜਾਂਚ ਲਈ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਦੇ ਗਠਨ ਦੀ ਮੰਗ ਕਰ ਰਹੇ ਸਨ। ਉੱਥੇ ਹੀ ਸ਼ਿਵ ਸੈਨਾ ਦੇ ਮੈਂਬਰਾਂ ਨੇ ਅਯੁੱਧਿਆ ‘ਚ ਰਾਮ ਮੰਦਰ ਦੇ ਨਿਰਮਾਣ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਅੰਨਾਦਰਮੁਕ ਦੇ ਮੈਂਬਰਾਂ ਨੇ ਕਾਵੇਰੀ ਡੇਲਟਾ ਦੇ ਕਿਸਾਨਾਂ ਲਈ ਨਿਆਂ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਤੇਦੇਪਾ ਦੇ ਮੈਂਬਰ ਆਂਧਰਾ ਪ੍ਰਦੇਸ਼ ਮੁੜ ਗਠਨ ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਅਤੇ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਸਨ। ਲੋਕ ਸਭਾ ਸਪੀਕਰ ਨੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਆਪਣੀਆਂ ਥਾਂਵਾਂ ‘ਤੇ ਆਉਣ ਦੀ ਅਪੀਲ ਕੀਤੀ ਪਰ ਮੈਂਬਰਾਂ ਦਾ ਰੌਲਾ ਜਾਰੀ ਰਿਹਾ। ਹੰਗਾਮਾ ਨਾ ਰੁਕਣ ‘ਤੇ ਉਨ੍ਹਾਂ ਨੇ ਕਾਰਵਾਈ 11.20 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਇਸ ਦੌਰਾਨ ਸ਼ਿਵ ਸੈਨਾ ਆਨੰਦ ਰਾਵ ਅਤੇ ਭਾਜਪਾ ਮੀਨਾਕਸ਼ੀ ਲੇਖੀ ਨੇ ਆਪਣੇ ਵਿਸ਼ੇ ਚੁੱਕੇ। ਹੰਗਾਮਾ ਰੁਕਦੇ ਨਾ ਦੇਖ ਲੋਕ ਸਭਾ ਸਪੀਕਰ ਨੇ ਸਦਨ ਦੀ ਬੈਠਕ ਦਿਨ ਭਰ ਲਈ ਮੁਲਤਵੀ ਕਰ ਦਿੱਤੀ।
ਰਾਜ ਸਭਾ ‘ਚ ਵੀ ਬੈਠਕ ਸ਼ੁਰੂ ਹੋਣ ‘ਤੇ ਸੰਸਦ ਭਵਨ ‘ਤੇ ਹੋਏ ਅੱਤਵਾਦੀ ਹਮਲੇ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਡਿਪਟੀ ਸਪੀਕਰ ਐੱਮ.ਵੈਂਕਈਆ ਨਾਇਡੂ ਨੇ ਜ਼ਰੂਰੀ ਦਸਤਾਵੇਜ਼ ਸਦਨ ਦੇ ਪਟਲ ‘ਤੇ ਰੱਖਵਾਏ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਲਈ ਉਨ੍ਹਾਂ ਨੂੰ 4 ਨੋਟਿਸ ਮਿਲੇ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਸਵੀਕਾਰ ਨਹੀਂ ਕਤਾ ਹੈ। ਉਨ੍ਹਾਂ ਨੇ ਕਿਹਾ ਤਾਮਿਲਨਾਡੂ, ਜੰਮੂ-ਕਸ਼ਮੀਰ, ਆਂਧਰਾ ਪ੍ਰਦੇਸ਼ ਨਾਲ ਜੁੜੇ ਮੁੱਦਿਆਂ ਅਤੇ ਹੋਰ ਸਾਰੇ ਮੁੱਦਿਆਂ ‘ਤੇ ਸਦਨ ‘ਚ ਚਰਚਾ ਦੀ ਮਨਜ਼ੂਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ,”ਅੱਜ ਹੀ ਸੰਸਦ ਹਮਲੇ ਦੀ 17ਵੀਂ ਬਰਸੀ ‘ਤੇ ਹਮਲੇ ‘ਚ ਜਾਨ ਗਵਾਉਣ ਵਾਲਿਆਂ ਨੂੰ ਅਸੀਂ ਸ਼ਰਧਾਂਜਲੀ ਦਿੱਤੀ ਹੈ। ਡਿਪਟੀ ਸਪੀਕਰ ਨੇ ਕਿਹਾ ਕਿ ਜੇਕਰ ਮੈਂਬਰ ਆਪਣੀਆਂ ਥਾਂਵਾਂ ‘ਤੇ ਵਾਪਸ ਨਹੀਂ ਜਾਣਗੇ ਤਾਂ ਉਨ੍ਹਾਂ ਨੂੰ ਸਦਨ ਦੀ ਬੈਠਕ ਦਿਨ ਭਰ ਲਈ ਮੁਲਤਵੀ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਆਪਣੀ ਗੱਲ ਦਾ ਅਸਰ ਨਾ ਹੁੰਦੇ ਦੇਖ, ਨਾਇਡੂ ਨੇ 11.20 ‘ਤੇ ਬੈਠਕ ਦਿਨ ਭਰ ਲਈ ਮੁਲਤਵੀ ਕਰ ਦਿੱਤੀ।