ਨਵੀਂ ਦਿੱਲੀ— ਜੇਲ ‘ਚ ਬੰਦ ਬਾਬਾ ਆਸਾ ਰਾਮ ‘ਤੇ ਲਿਖੀ ਹੋਈ ਕਿਤਾਬ ‘ਤੇ ਚੰਡੀਗੜ੍ਹ ਦੀ ਇਕ ਅਦਾਲਤ ਦੇ ਰੋਕ ਲਗਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਇਸ ਦੇ ਬਾਜ਼ਾਰ ‘ਚ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਲੇਖਕ ਯੂਸ਼ੀਨੋਰ ਮਜ਼ੂਮਦਾਰ ਦੀ ਕਿਤਾਬ, ‘ਗਾਡ ਆਫ ਸਿਨ: ਦਿ ਕਲਟ, ਦਿ ਕਲਾਊਟ ਐਂਡ ਡਾਊਨਫਾਲ ਆਫ ਆਸਾ ਰਾਮ ਬਾਪੂ’ ਦਾ ਵਿਰੋਧ ਹੋਇਆ ਅਤੇ ਇਸ ਦੇ ਪ੍ਰਕਾਸ਼ਨ ਨੂੰ ਅਦਾਲਤ ‘ਚ ਚੁਣੌਤੀ ਦਿੱਤੀ ਗਈ। ਹਾਲਾਂਕਿ ਅਦਾਲਤ ਨੇ ਇਸ ਦੀ ਪਰਚੂਨ ਅਤੇ ਆਨਲਾਈਨ ਵਿਕਰੀ ਦੀ ਮਨਜ਼ੂਰੀ ਦੇ ਦਿੱਤੀ ਹੈ। ਕਿਤਾਬ ਦੇ ਪ੍ਰਕਾਸ਼ਕ ਪੈਂਗਵਿਨ ਰੈਂਡਮ ਹਾਊਸ ਇੰਡੀਆ ਨੇ ਅਦਾਲਤ ਦੇ ਆਦੇਸ਼ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਹੈ ਕਿ ਹੁਣ ਇਸ ਨੂੰ ਪਾਠਕਾਂ ਦੇ ਹੱਥਾਂ ‘ਚ ਪਹੁੰਚਾਉਣ ਨੂੰ ਲੈ ਕੇ ਉਤਸੁਕ ਹਾਂ।
ਮਜ਼ੂਮਦਾਰ ਨੇ ਕਿਹਾ,”ਇਹ ਕਿਤਾਬ ਅਦਾਲਤਾਂ ਦੇ ਫੈਸਲਿਆਂ ਅਤੇ ਕਈ ਜਾਂਚ ਏਜੰਸੀਆਂ ਦੀ ਰਿਪੋਰਟਾਂ ‘ਤੇ ਆਧਾਰਤ ਹੈ। ਇਸ ‘ਚ ਮੈਂ ਤੱਤਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ।” ਆਸਾ ਰਾਮ ਅਤੇ ਉਸ ਦੇ ਬੇਟੇ ਨਾਰਾਇਣ ਸਾਈਂ ‘ਤੇ ਯੌਨ ਹਮਲਿਆਂ, ਜ਼ਮੀਨ ‘ਤੇ ਕਬਜ਼ੇ, ਕਾਲੇ ਧਨ ਨੂੰ ਸਫੇਦ ਬਣਾਉਣ, ਧਮਕਾਉਣ, ਕਾਲਾ ਜਾਦੂ ਵਰਗੇ ਅੰਧਵਿਸ਼ਵਾਸ ਫੈਲਾਉਣ ਅਤੇ ਉਨ੍ਹਾਂ ਦੇ ਖਿਲਾਫ ਗਵਾਹ ਬਣੇ ਵਿਅਕਤੀ ਦਾ ਕਤਲ ਕਰਵਾਉਣ ਦਾ ਦੋਸ਼ ਹੈ। 5 ਸਾਲ ਪਹਿਲਾਂ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਜੋਧਪੁਰ ਦੀ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਸ ਨੇ ਰਾਜਸਥਾਨ ਦੇ ਰਾਜਪਾਲ ਤੋਂ ਆਪਣੀ ਉਮਰ ਕੈਦ ਦੀ ਸਜ਼ਾ ‘ਚ ਰਾਹਤ ਦੇਣ ਦੀ ਅਪੀਲ ਕੀਤੀ ਹੈ।