ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 3 ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਲਈ ਭਾਜਪਾ ਦੇ ਸਟਾਰ ਪ੍ਰਚਾਰਕ ਸਨ। ਅਸਲ ‘ਚ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲੋਂ ਵੀ ਵੱਧ ਰੈਲੀਆਂ ਨੂੰ ਸੰਬੋਧਨ ਕੀਤਾ ਸੀ। ਇਕ ਤਰ੍ਹਾਂ ਨਾਲ ਉਨ੍ਹਾਂ ਆਪਣੇ ਗ੍ਰਹਿ ਸੂਬੇ ਉੱਤਰ ਪ੍ਰਦੇਸ਼ ਨੂੰ ਲਗਭਗ 15 ਦਿਨ ਲਈ ਬਿਲਕੁਲ ਛੱਡ ਦਿੱਤਾ ਸੀ। ਉਨ੍ਹਾਂ ਤੇਲੰਗਾਨਾ ਵਰਗੇ ਸੂਬੇ ‘ਚ ਵੀ ਪ੍ਰਚਾਰ ਕੀਤਾ ਪਰ ਜਦੋਂ ਚੋਣ ਨਤੀਜੇ ਆਏ ਤਾਂ ਉਕਤ ਸਭ ਸੂਬਿਆਂ ‘ਚ ਭਾਜਪਾ ਹਾਰ ਗਈ। ਯੋਗੀ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਦੀ ਆਲੋਚਨਾ ਹੋਈ।
ਆਲੋਚਕਾਂ ਨੇ ਕਿਹਾ ਕਿ ਕਾਂਗਰਸ ਨੂੰ ਯੋਗੀ ਆਦਿੱਤਿਆਨਾਥ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਕਾਰਨ ਉਹ ਤਿੰਨ ਸੂਬਿਆਂ ‘ਚ ਸੱਤਾਧਾਰੀ ਹੋਈ ਹੈ। ਭਾਜਪਾ ਅੰਦਰ ਵੀ ਚੋਣ ਨਤੀਜਿਆਂ ਪਿਛੋਂ ਨਿਰਾਸ਼ਾ ਹੈ। ਆਦਿੱਤਿਆਨਾਥ ‘ਤੇ ਤਿੱਖਾ ਹਮਲਾ ਕਰਦਿਆਂ ਭਾਜਪਾ ਦੇ ਇਕ ਸਾਬਕਾ ਐੱਮ. ਪੀ. ਤੇ ਰਾਮ ਜਨਮ ਭੂਮੀ ਟਰੱਸਟ ਦੇ ਮੈਂਬਰ ਰਾਮ ਵਿਲਾਸ ਵੇਦਾਂਤੀ ਨੇ ਕਿਹਾ ਕਿ ਜੇ ਕਿਸੇ ਖਾਸ ਮੁੱਖ ਮੰਤਰੀ ਵਿਰੁੱਧ ਨਿਰਾਸ਼ਾ ਵਧ ਰਹੀ ਸੀ ਤਾਂ ਉਕਤ ਮੁੱਖ ਮੰਤਰੀ ਦੀ ਛੁੱਟੀ ਕਰ ਦੇਣੀ ਚਾਹੀਦੀ ਹੈ। ਜਿਥੇ ਮੋਦੀ ਨੇ ਰਾਜਸਥਾਨ ‘ਚ 18 ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਉਥੇ ਯੋਗੀ ਨੇ 28 ਰੈਲੀਆਂ ‘ਚ ਭਾਸ਼ਣ ਕੀਤੇ।
ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ‘ਚ ਤਾਂ ਯੋਗੀ ਦੀਆਂ ਰੈਲੀਆਂ ਦੀ ਗਿਣਤੀ ਮੋਦੀ ਤੇ ਅਮਿਤ ਸ਼ਾਹ ਨਾਲੋਂ ਲਗਭਗ ਦੁੱਗਣੀ ਸੀ। ਭਾਜਪਾ ਦੀ ਲੀਡਰਸ਼ਿਪ ਨੇ ਸੋਚਿਆ ਸੀ ਕਿ ਰਾਮ ਮੰਦਰ ਦਾ ਮੁੱਦਾ ਚੋਣਾਂ ‘ਚ ਭਾਜਪਾ ਨੂੰ ਲਾਭ ਪਹੁੰਚਾਏਗਾ ਕਿਉਂਕਿ ਵਿਕਾਸ ਏਜੰਡਾ ਫੇਲ ਹੋ ਚੁੱਕਾ ਹੈ ਪਰ ਭਾਜਪਾ ਆਗੂਆਂ ਦੇ ਅੰਦਾਜ਼ੇ ਗਲਤ ਨਿਕਲੇ। ਆਰ. ਐੈੱਸ. ਐੈੱਸ. ਨੇ ਤਾਂ ਰਾਮ ਮੰਦਰ ਲਈ ਇਕ ਵੱਡੀ ਰੈਲੀ ਦਾ ਆਯੋਜਨ ਵੀ ਕੀਤਾ ਸੀ। ਸ਼ਿਵ ਸੈਨਾ ਨੇ ਚੋਣਾਂ ਤੋਂ ਪਹਿਲਾਂ ਹਿੰਦੂਤਵ ਦਾ ਪ੍ਰਚਾਰ ਕਰਨ ਲਈ ਅਸਿੱਧੀ ਹਮਾਇਤ ਕੀਤੀ ਸੀ। ਕੋਈ ਵੀ ਗੱਲ ਭਾਜਪਾ ਦੇ ਕੰਮ ਨਹੀਂ ਆਈ। ਰਾਮ ਮੰਦਰ ਦਾ ਮੁੱਦਾ ਹੁਣ ਹੇਠਾਂ ਚਲਾ ਗਿਆ ਹੈ। ਯੋਗੀ ਨੂੰ ਇਹ ਕਿਹਾ ਗਿਆ ਹੈ ਕਿ ਦੇਸ਼ ਦੇ ਹੋਰਨਾਂ ਖੇਤਰਾਂ ‘ਚ ਜਾਣ ਦੀ ਬਜਾਏ ਆਪਣੇ ਸੂਬੇ ‘ਚ ਅਮਨ ਕਾਨੂੰਨ ਦੀ ਹਾਲਤ ਠੀਕ ਕਰਨ ਵੱਲ ਧਿਆਨ ਦੇਣ।