ਜਲੰਧਰ — ਆਮ ਆਦਮੀ ਪਾਰਟੀ ਦੀ ਪੰਜਾਬ ਬੁਲਾਰਨ ਅਤੇ ਮਹਿਲਾ ਵਿੰਗ ਦੀ ਇੰਚਾਰਜ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਪਣੇ ਜਲੰਧਰ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸੀ ਦੀ ਸਖਤ ਨਿੰਦਾ ਕਰਦੀ ਹੈ ਕਿ ਉਸ ਨੇ ਮੱਧ ਪਦੇਸ਼ ‘ਚ ਕਮਲਨਾਥ ਨੂੰ ਮੁੱਖ ਮੰਤਰੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਕਮਲਨਾਥ ਹੈ, ਜਿਸ ਨੇ 1984 ‘ਚ ਸਿੱਖਾਂ ਦਾ ਕਤਲੇਆਮ ਕੀਤਾ ਸੀ। ਬਲਜਿੰਦਰ ਕੌਰ ਨੇ ਕਿਹਾ ਕਿ ਕਮਲਨਾਥ ਨੂੰ ਤੁਰੰਤ ਮੁੱਖ ਮੰਤਰੀ ਅਹੁਦੇ ਤੋਂ ਕਾਂਗਰਸ ਨੂੰ ਹਟਾਉਣਾ ਚਾਹੀਦਾ, ਕਿਉਂਕਿ ਇਹ ਸਿੱਧੇ ਤੌਰ ‘ਤੇ ਸਿੱਖਾਂ ਦੇ ਜ਼ਖਮ ਕੁਰੇਦਣ ਦੀ ਤਰ੍ਹਾਂ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਲਜਿੰਦਰ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਦੇ ਲੋਕਾਂ ਨੇ ਸਿਰੇ ਤੋਂ ਨਕਾਰ ਦਿੱਤਾ ਹੈ, ਇਹੀ ਕਾਰਨ ਹੈ ਕਿ ਤਿੰਨ ਸੂਬਿਆਂ ‘ਚ ਭਾਜਪਾ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਨੌਜਵਾਨਾਂ ਨਾਲ ਹਮੇਸ਼ਾ ਧੋਖਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਨੌਜਵਾਨਾਂ ਨੂੰ ਪਕੌੜੇ ਵੇਚਣੇ ਚਾਹੀਦੇ ਹਨ, ਜਦੋਂ ਕਿ ਪੰਜਾਬ ਸਰਕਾਰ ਦੇ ਨੇਤਾ ਕਹਿੰਦੇ ਹਨ ਕਿ ਨੌਜਵਾਨ ਕਬਾੜ ਵੇਚ ਕੇ ਅਤੇ ਮੂੰਗਫਲੀ ਵੇਚ ਕੇ ਰੋਜ਼ਗਾਰ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪੜ੍ਹੇ ਲਿਖੇ ਨੌਜਵਾਨ ਆਪਣੀਆਂ ਡਿਗਰੀਆਂ ਲੈ ਕੇ ਪਕੌੜੇ ਅਤੇ ਮੂੰਗਫਲੀ ਵੇਣਚਗੇ ਤਾਂ ਉਹ ਕਿਸ ਸਰਕਾਰ ਨੂੰ ਵੋਟਾਂ ਪਾਉਣਗੇ ਇਹ ਤੁਸੀਂ ਆਪ ਸਮਝ ਸਕਦੇ ਹੋ।
ਉਨ੍ਹਾਂ ਨੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਲਈ ਵੀ ਗਲਤ ਤਰੀਕੇ ਨਾਲ ਯੋਜਨਾਬੰਦੀ ਕੀਤੀ ਹੈ, ਜੋ ਕਿ ਪੰਜਾਬ ਦੇ ਵੋਟਰਾਂ ਨਾਲ ਧੋਖਾ ਹੈ। ਕੇਂਦਰ ਸਰਕਾਰ ਵੱਲੋਂ ਇਤਿਹਾਸ ਦੇ ਐੈੱਮ. ਏ. ਪਾਸ ਨੂੰ ਆਰ. ਬੀ. ਆਈ. ਦਾ ਗਵਰਨਰ ਬਣਾਉਣਾ ਗਲਤ ਕਦਮ ਹੈ ਅਤੇ ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਟਕਸਾਲੀ ਅਕਾਲੀ ਦਲ ਬਣਾਏ ਜਾਣ ਨੂੰ ਦੇਰੀ ਨਾਲ ਚੁੱਕਿਆ ਗਿਆ ਕਦਮ ਦੱਸਦੇ ਹੋਏ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਇਨ੍ਹਾਂ ਸਾਰੇ ਅਕਾਲੀ ਆਗੂਆਂ ਨੂੰ ਇਹ ਕਦਮ ਉਦੋਂ ਚੁੱਕਣਾ ਚਾਹੀਦਾ ਸੀ, ਜਦੋਂ ਉਹ ਅਕਾਲੀ ਸਰਕਾਰ ‘ਚ ਸਨ। ਇਸ ਮੌਕੇ ਡਾ. ਸੰਜੀਵ ਸ਼ਰਮਾ, ਡਾ. ਸ਼ਿਵਦਿਆਲ ਮਾਲੀ, ਰੇਖਾ ਕਸ਼ਯਪ, ਗੁਰਿੰਦਰ ਸ਼ੇਰਗਿੱਲ ਅਤੇ ਮੰਗਲ ਸਿੰਘ ਵੀ ਮੌਜੂਦ ਸਨ।