ਨਵੀਂ ਦਿੱਲੀ— ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸਿੱਖ ਦੰਗਿਆਂ ‘ਤੇ ਦਿੱਲੀ ਹਾਈ ਕੋਰਟ ਦੇ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕੀਤਾ ਕਿ ਉਹ ਇਸ ਦਾ ਸਵਾਗਤ ਕਰਦੇ ਹਨ। ਕੇਜਰੀਵਾਲ ਨੇ ਇਹ ਵੀ ਲਿਖਿਆ ਹੈ ਕਿ ਕਿਸੇ ਵੀ ਦੰਗੇ ‘ਚ ਸ਼ਾਮਲ ਦੋਸ਼ੀ ਨਹੀਂ ਬਚਣਾ ਚਾਹੀਦਾ, ਭਾਵੇਂ ਕੋਈ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇਗਾ। ਆਮ ਆਦਮੀ ਪਾਰਟੀ ਇਸ ਤੋਂ ਪਹਿਲਾਂ ਵੀ ਸਿੱਖ ਦੰਗਿਆਂ ‘ਚ ਕਾਂਗਰਸ ਨੇਤਾਵਾਂ ‘ਤੇ ਨਿਸ਼ਾਨਾ ਸਾਧਦੀ ਰਹਿੰਦੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੇਤਾ ਸੰਜੇ ਸਿੰਘ ਨੇ ਕਿਹਾ ਸੀ ਕਿ ਸਿੱਖ ਦੰਗਿਆਂ ਦੇ ਮੁੱਖ ਦੋਸ਼ੀਆਂ ‘ਚ ਸ਼ਾਮਲ ਕਾਂਗਰਸ ਨੇਤਾ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਕਮਲਨਾਥ ਸਫੇਦ ਕੁੜਤਾ ਪਾ ਕੇ ਘੁੰਮ ਰਹੇ ਹਨ। ਕਾਂਗਰਸ ਨੇ 32 ਸਾਲਾਂ ਤੋਂ ਆਪਣੀ ਮਾਨਸਿਕਤਾ ਨਹੀਂ ਬਦਲੀ ਹੈ। ਉੱਥੇ ਹੀ ‘ਆਪ’ ਨੇਤਾ ਸੰਜੇ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਵੱਲੋਂ ਬਣਾਈ ਗਈ ਐੱਸ.ਆਈ.ਟੀ. ਨੂੰ ਖਤਮ ਨਾ ਕੀਤਾ ਹੁੰਦਾ ਤਾਂ ਹੁਣ ਤੱਕ ਕਈ ਲੋਕ ਜੇਲ ਦੀ ਹਵਾ ਖਾ ਰਹੇ ਹੁੰਦੇ।
ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ 1984 ‘ਚ ਹੋਏ ਸਿੱਖ ਦੰਗਿਆਂ ਦਾ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਨੇ ਸੱਜਣ ਕੁਮਾਰ ਨੂੰ ਅਪਰਾਧਕ ਸਾਜਿਸ਼ ਰਚਣ ਅਤੇ ਦੰਗਾ ਭੜਕਾਉਣ ਦੀ ਧਾਰਾ ਦੇ ਅਧੀਨ ਦੋਸ਼ੀ ਪਾਇਆ ਹੈ। ਇਸ ਦੇ ਨਾਲ ਹੀ ਕੋਰਟ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੱਜਣ ਕੁਮਾਰ ਨੂੰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਉਸ ਨੂੰ ਉਦੋਂ ਤੱਕ ਜੇਲ ‘ਚ ਆਤਮਸਮਰਪਣ ਕਰਨਾ ਹੋਵੇਗਾ। ਕੋਰਟ ਨੇ ਸੱਜਣ ਕੁਮਾਰ ਤੋਂ ਇਲਾਵਾ ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਸਾਬਕਾ ਕਾਂਗਰਸ ਕੌਂਸਲਰ ਬਲਵਾਨ ਖੋਕਰ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉੱਥੇ ਹੀ 2 ਹੋਰ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ।