ਨਵੀਂ ਦਿੱਲੀ— ਮੋਦੀ ਸਰਕਾਰ ‘ਚ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਅਤੇ ਐੱਨ.ਡੀ.ਏ. ਨਾਲ ਰਿਸ਼ਤਾ ਤੋੜਨ ਤੋਂ ਬਾਅਦ ਰਾਸ਼ਟਰੀ ਲੋਕਸਮਤਾ ਪਾਰਟੀ ਦੇ ਪ੍ਰਧਾਨ ਉਪੇਂਦਰ ਕੁਸ਼ਵਾਹਾ ਵੀਰਵਾਰ ਨੂੰ ਯੂ.ਪੀ.ਏ. ਦਾ ਹਿੱਸਾ ਬਣ ਗਏ। ਦਿੱਲੀ ‘ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਹੈੱਡ ਕੁਆਰਟਰ ਪੁੱਜ ਕੇ ਉਨ੍ਹਾਂ ਨੇ ਯੂ.ਪੀ.ਏ. ਦਾ ਹੱਥ ਫੜਿਆ। ਕੁਸ਼ਵਾਹਾ ਦੇ ਯੂ.ਪੀ.ਏ. ‘ਚ ਸ਼ਾਮਲ ਹੋਣ ਦਾ ਐਲਾਨ ਬਿਹਾਰ ਕਾਂਗਰਸ ਦੇ ਇੰਚਾਰਜ ਸ਼ਕਤੀ ਸਿੰਘ ਗੋਹਿਲ ਨੇ ਬਿਹਾਰ ‘ਚ ਮਹਾਗਠਜੋੜ ਦੇ ਨੇਤਾਵਾਂ ਦੀ ਮੌਜੂਦਗੀ ‘ਚ ਕੀਤਾ। ਇਸ ਮੌਕੇ ਰਾਜਦ ਨੇਤਾ ਤੇਜਸਵੀ ਯਾਦਵ ਨੇ ਕੁਸ਼ਵਾਹਾ ਦਾ ਮਹਾਗਠਜੋੜ ‘ਚ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਹਮਲਾ ਬੋਲਿਆ।
ਉਪੇਂਦਰ ਕੁਸ਼ਵਾਹਾ ਦੇ ਮਹਾਗਠਜੋੜ ‘ਚ ਆਉਣ ‘ਤੇ ਸਵਾਗਤ ਕਰਦੇ ਹੋਏ ਤੇਜਸਵੀ ਨੇ ਕਿਹਾ ਕਿ ਇਹ ਸੰਵਿਧਾਨ ਅਤੇ ਦੇਸ਼ ਬਚਾਉਣ ਦੀ ਲੜਾਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਦੇਸ਼ ‘ਚ ਅਨਿਸ਼ਚਿਤ ਐਮਰਜੈਂਸੀ ਹੈ ਅਤੇ ਪੀ.ਐੱਮ. ਮੋਦੀ ਘਟਕ ਦਲਾਂ ‘ਤੇ ਵੀ ਤਾਨਾਸ਼ਾਹੀ ਕਰ ਰਹੇ ਹਨ। ਆਰ.ਜੇ.ਡੀ. ਨੇਤਾ ਨੇ ਕਿਹਾ ਕਿ ਇਹ ਉਨ੍ਹਾਂ ਦੇ ਖਿਲਾਫ ਲੜਾਈ ਹੈ, ਜਿਨ੍ਹਾਂ ਨੇ ਜਨਤਾ ਨੂੰ ਸਿਰਫ ਅਤੇ ਸਿਰਫ ਧੋਖਾ ਦੇਣ ਦਾ ਕੰਮ ਕੀਤਾ ਹੈ, ਗੁੰਮਰਾਹ ਕਰਨ ਦਾ ਕੰਮ ਕੀਤਾ। ਜਨਤਾ ਇਨ੍ਹਾਂ ਨੂੰ ਕਰਾਰਾ ਜਵਾਬ ਦੇਵੇਗੀ।
ਤੇਜਸਵੀ ਯਾਦਵ ਨੇ ਕਿਹਾ ਕਿ ਅੱਜ ਦੇਸ਼ ਦੇ ਸੰਵਿਧਾਨ ਅਤੇ ਅਸੰਵਿਧਾਨਕ ਸੰਸਥਾਵਾਂ ‘ਤੇ ਖਤਰਾ ਹੈ। ਇਹ ਲੜਾਈ ਉਨ੍ਹਾਂ ਨੂੰ ਬਚਾਉਣ ਦੀ ਹੈ। ਰਾਜਦ ਨੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਹਮਲਾ ਬੋਲਿਆ। ਮਹਾਗਠਜੋੜ ਨਾਲ ਨਾਤਾ ਤੋੜ ਫਿਰ ਤੋਂ ਐੱਨ.ਡੀ.ਏ. ਨਾਲ ਸੂਬੇ ‘ਚ ਸਰਕਾਰ ਬਣਾਉਣ ਨੂੰ ਲੈ ਕੇ ਤੇਜਸਵੀ ਨੇ ਕਿਹਾ ਕਿ ਚਾਚਾ ਨਿਤੀਸ਼ ਕੁਮਾਰ ਨੇ ਜਨਾਦੇਸ਼ ਦਾ ਅਪਮਾਨ ਕੀਤਾ, ਜਨਾਦੇਸ਼ ਦਾ ਰੇਪ ਕੀਤਾ। ਉਨ੍ਹਾਂ ਨੇ ਕਿਹਾ ਕਿ ਬਿਹਾਰ ‘ਚ ਡਬਲ ਇੰਜਣ ਦੀ ਸਰਕਾਰ ਕਹੀ ਜਾਂਦੀ ਹੈ ਪਰ ਇਸ ਦਾ ਇਕ ਇੰਜਣ ਅਪਰਾਧ ‘ਚ ਹੈ ਤਾਂ ਦੂਜਾ ਇੰਜਣ ਭ੍ਰਿਸ਼ਟਾਚਾਰ ‘ਚ ਹੈ। ਪ੍ਰਧਾਨ ਮੰਤਰੀ ਮੋਦੀ ‘ਤੇ ਹਮਲਾ ਬੋਲਦੇ ਹੋਏ ਤੇਜਸਵੀ ਨੇ ਕਿਹਾ ਕਿ ਚੋਣਾਂ ਦੌਰਾਨ ਬਿਹਾਰ ਦੀ ਬੋਲੀ ਲਗਾ ਰਹੇ ਸਨ ਕਿ ਕਿੰਨਾ ਦੇਵਾਂ, 60 ਹਜ਼ਾਰ ਕਰੋੜ ਜਾਂ 80 ਹਜ਼ਾਰ ਕਰੋੜ। ਰਾਜਦ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬਿਹਾਰ ਨੂੰ ਸਵਾ ਲੱਖ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਬਿਹਾਰ ਦੀ ਜਨਤਾ ਹਿਸਾਬ ਮੰਗ ਰਹੀ ਹੈ, ਦੱਸੋ ਉਹ ਪੈਸੇ ਕਿੱਥੇ ਗਏ। ਤੇਜਸਵੀ ਨੇ ਕਿਹਾ ਕਿ ਪੂਰਬੀ-ਉੱਤਰ ਤੋਂ ਲੈ ਕੇ ਕਸ਼ਮੀਰ ਤੱਕ, ਦੇਸ਼ ਦੇ ਹਰ ਹਿੱਸੇ ‘ਚ ਐੱਨ.ਡੀ.ਏ. ਆਪਣੇ ਸਹਿਯੋਗੀਆਂ ਨੂੰ ਗਵਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਨੇ ਮੂਡ ਬਣਾ ਲਿਆ ਹੈ ਕਿ ਠੱਗਣ ਵਾਲਿਆਂ ਨੂੰ ਕਰਾਰਾ ਜਵਾਬ ਮਿਲੇਗਾ। ਤੇਜਸਵੀ ਨੇ ਇਹ ਵੀ ਕਿਹਾ ਕਿ ਸੰਵਿਧਾਨ ਬਚਾਉਣ ਲਈ ਸਾਨੂੰ ਆਪਣੀ-ਆਪਣੀ ਈਗੋ ਨਾਲ ਸਮਝੌਤਾ ਕਰਨਾ ਚਾਹੀਦਾ।
ਯੂ.ਪੀ.ਏ ਦਾ ਹੱਥ ਫੜਨ ਤੋਂ ਬਾਅਦ ਉਪੇਂਦਰ ਕੁਸ਼ਵਾਹਾ ਨੇ ਕਿਹਾ ਕਿ ਐੱਨ.ਡੀ.ਏ. ‘ਚ ਉਨ੍ਹਾਂ ਦਾ ਅਪਮਾਨ ਹੋ ਰਿਹਾ ਸੀ। ਕਾਂਗਰਸ ਪ੍ਰਧਾਨ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਕਥਨੀ ਅਤੇ ਕਰਨੀ ‘ਚ ਕੋਈ ਅੰਤਰ ਨਹੀਂ ਹੈ। ਉਨ੍ਹਾਂ ਨੇ ਕਰਜ਼ ਮੁਆਫ਼ੀ ਦਾ ਵਾਅਦਾ ਕੀਤਾ ਸੀ, ਜਿਸ ਨੂੰ ਕਰ ਕੇ ਦਿਖਾਇਆ। ਹਾਲ ਤੱਕ ਮੋਦੀ ਸਰਕਾਰ ‘ਚ ਮੰਤਰੀ ਰਹੇ ਕੁਸ਼ਵਾਹਾ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਵਾਅਦਾਖਿਲਾਫੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਕਥਨੀ ਅਤੇ ਕਰਨੀ ‘ਚ ਅੰਤਰ ਹੈ। ਆਰ.ਐੱਲ.ਐੱਸ.ਪੀ. ਮੁਖੀ ਨੇ ਕਿਹਾ,”ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਬਿਹਾਰ ਦੇ ਲੋਕਾਂ ਨੂੰ ਪੜ੍ਹਾਈ, ਦਵਾਈ ਅਤੇ ਕਮਾਈ ਲਈ ਰਾਜ ਤੋਂ ਬਾਹਰ ਨਹੀਂ ਜਾਣਾ ਪਵੇਗਾ ਪਰ ਅਜਿਹਾ ਨਹੀਂ ਹੋਇਆ।” ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਆਰ.ਐੱਲ.ਐੱਸ.ਪੀ. ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲਗਾਇਆ। ਉਪੇਂਦਰ ਕੁਸ਼ਵਾਹਾ ਨੇ ਐਲਾਨ ਕੀਤਾ ਕਿ 2 ਫਰਵਰੀ ਨੂੰ ਉਨ੍ਹਾਂ ਦੀ ਪਾਰਟੀ ਪਟਨਾ ‘ਚ ਆਕਰੋਸ਼ ਮਾਰਚ ਕੱਢੇਗੀ।
ਬਿਹਾਰ ਕਾਂਗਰਸ ਦੇ ਇੰਚਾਰਜ ਸ਼ਕਤੀ ਸਿੰਘ ਗੋਹਿਲ ਨੇ ਬਿਹਾਰ ‘ਚ ਮਹਾਗਠਜੋੜ ਦਰਮਿਆਨ ਸੀਟ ਸ਼ੇਅਰਿੰਗ ਨੂੰ ਲੈ ਕੇ ਕਿਹਾ ਕਿ ਸਹੀ ਸਮੇਂ ‘ਤੇ ਸਹੀ ਫੈਸਲਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਗਠਜੋੜ ਵਿਚਾਰਧਾਰਾ ਨਾਲ ਜੁੜਿਆ ਹੋਇਆ ਗਠਜੋੜ ਹੈ। ਗੋਹਿਲ ਨੇ ਕਿਹਾ ਕਿ ਸੀਟ ਵੰਡ ‘ਤੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ, ਕਿਉਂਕਿ ਇਹ ਮੇਲ ਕੁਰਸੀ ਜਾਂ ਖੁਦਗਰਜ਼ੀ ਲਈ ਨਹੀਂ, ਵਿਚਾਰਧਾਰਾ ਦੇ ਧਆਰਾ ‘ਤੇ ਹੈ। ਬਿਹਾਰ ‘ਚ ਮਹਾਗਠਜੋੜ ‘ਚ ਕਾਂਗਰਸ ਅਤੇ ਰਾਜਦ ਤੋਂ ਇਲਾਵਾ ਆਰ.ਐੱਲ.ਐੱਸ.ਪੀ., ਜੀਤਨਰਾਮ ਮਾਂਝੀ ਦੀ ਹਿੰਦੁਸਤਾਨ, ਅਵਾਮ ਮੋਰਚਾ, ਸ਼ਰਦ ਯਾਦਵ ਅਤੇ ਲੈਫਟ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਵੱਲੋਂ ਗਠਜੋੜ ਛੱਡ ਕੇ ਫਿਰ ਤੋਂ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਦੇ ਬਾਅਦ ਤੋਂ ਸ਼ਰਦ ਯਾਦਵ ਅਤੇ ਨਿਤੀਸ਼ ਦੇ ਰਸਤੇ ਵੱਖ-ਵੱਖ ਹੋ ਗਏ ਸਨ।