ਪਰਥ – ਭਾਰਤੀ ਟੀਮ ਨੂੰ ਆਸਟਰੇਲੀਆ ‘ਚ ਜਿਸ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਉਸ ਨਾਲ ਭਾਰਤੀ ਫ਼ੈਨਜ਼ ਕਾਫ਼ੀ ਨਾਰਾਜ਼ ਹਨ। ਇਸ ਹਾਰ ਦਾ ਇੱਕ ਕਾਰਨ ਭਾਰਤ ਦੀ ਓਪਨਿੰਗ ਬੱਲੇਬਾਜ਼ੀ ਵੀ ਰਹੀ। ਕੇ. ਐੱਲ. ਰਾਹੁਲ ਅਤੇ ਮੁਰਲੀ ਵਿਜੇ ਦੋਹਾਂ ਪਾਰੀਆਂ ‘ਚ ਭਾਰਤ ਨੂੰ ਇੱਕ ਚੰਗੀ ਸ਼ੁਰੂਆਤ ਦੇਣ ‘ਚ ਨਾਕਾਮ ਰਹੇ। ਪਹਿਲੀ ਪਾਰੀ ‘ਚ ਭਾਰਤ ਨੇ ਛੇ ਦੌੜਾਂ ‘ਤੇ ਹੀ ਆਪਣਾ ਪਹਿਲਾ ਵਿਕਟ ਗੁਆ ਦਿੱਤਾ, ਅਤੇ ਦੂਜੀ ਪਾਰੀ ‘ਚ ਭਾਰਤ ਨੇ ਪਹਿਲਾ ਵਿਕਟ ਖ਼ਾਤਾ ਖੁੱਲਣ ਤੋਂ ਪਹਿਲਾਂ ਹੀ ਗੁਆ ਦਿੱਤਾ। ਜਿੱਥੇ ਕੇ. ਐੱਲ. ਰਾਹੁਲ ਨੇ ਪਹਿਲੀ ਪਾਰੀ ‘ਚ ਸਿਰਫ਼ ਦੋ ਦੌੜਾਂ ਬਣਾਈਆਂ ਉੱਥੇ ਦੂਜੀ ਪਾਰੀ ‘ਚ ਉਹ ਖਾਤਾ ਵੀ ਨਹੀਂ ਖੋਲ ਸਕਿਆ। ਮੁਰਲੀ ਵਿਜੇ ਪਹਿਲੀ ਪਾਰੀ ‘ਚ ਜ਼ੀਰੋ ‘ਤੇ ਆਊਟ ਹੋਇਆ, ਅਤੇ ਦੂਜੀ ਪਾਰੀ ‘ਚ ਉਹ ਸਿਰਫ਼ 20 ਹੀ ਦੌੜਾਂ ਬਣਾ ਸਕਿਆ।
ਓਪਨਰਜ਼ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤੀ ਟੀਮ ਕਿਸੇ ਨਵੇਂ ਓਪਨਿੰਗ ਕੰਬੀਨੇਸ਼ਨ ਨਾਲ ਉਤਰ ਸਕਦੀ ਹੈ। ਹਾਲਾਂਕਿ ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫ਼ਰੈਂਸ ‘ਚ ਸਿਰਫ਼ ਇੰਨਾ ਹੀ ਕਿਹਾ ਕਿ ਅਜੇ ਤਕ ਟੀਮ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ। ਜ਼ਖਮੀ ਸ਼ਾਅ ਨੂੰ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ, ਅਤੇ ਉਸ ਦੀ ਜਗ੍ਹਾ ਮਾਯੰਕ ਅਗਰਵਾਲ ਨੂੰ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ। ਹਾਲਾਂਕਿ ਲੱਗਦਾ ਹੈ ਕਿ ਭਾਰਤੀ ਫ਼ੈਨਜ਼ ਹੁਣ ਮੁਰਲੀ ਵਿਜੇ ਅਤੇ ਕੇ.ਐੱਲ. ਰਾਹੁਲ ‘ਤੇ ਦੋਬਾਰਾ ਭਰੋਸਾ ਦਿਖਾਉਣ ਦੇ ਮੂਡ ‘ਚ ਨਹੀਂ। ਇਹੀ ਵਜ੍ਹਾ ਰਹੀ ਕੀ ਦੋਹਾਂ ਨੂੰ ਖ਼ੂਬ ਟਰੋਲ ਕੀਤਾ ਜਾ ਰਿਹੈ।