ਨਵੀਂ ਦਿੱਲੀ— 1984 ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ‘ਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੱਜਣ ‘ਤੇ ਦਿੱਲੀ ਕੈਂਟ ਦੇ ਰਾਜਨਗਰ ‘ਚ 5 ਸਿੱਖਾਂ ਦੇ ਕਤਲ ਮਾਮਲੇ ‘ਚ ਦੰਗਾ ਕਰਨ ਵਾਲਿਆਂ ਨੂੰ ਭੜਕਾਉਣ ਦਾ ਦੋਸ਼ੀ ਮੰਨਿਆ। ਸੱਜਣ ਨੇ ਹਾਈ ਕੋਰਟ ‘ਚ ਅਰਜ਼ੀ ਦਾਇਰ ਕਰ ਕੇ ਆਤਮਸਰਪਣ ਲਈ ਇਕ ਮਹੀਨੇ ਦਾ ਸਮਾਂ ਮੰਗਿਆ ਹੈ।
ਸੱਜਣ ਦੇ ਇਸ ਕਦਮ ਕਰ ਕੇ ਪੀੜਤ ਜਗਦੀਸ਼ ਕੌਰ ਵਲੋਂ ਸੁਪਰੀਮ ਕੋਰਟ ‘ਚ ਕੇਵੀਅਟ ਦਾਇਰ ਕੀਤੀ ਗਈ ਹੈ। ਜਗਦੀਸ਼ ਕੌਰ ਨੇ ਸੁਪਰੀਮ ਕੋਰਟ ‘ਚ ਕੇਵੀਅਟ ਮੰਗ ਕੀਤੀ ਹੈ ਕਿ ਜੇਕਰ ਸੱਜਣ ਕੁਮਾਰ ਦਿੱਲੀ ਹਾਈ ਕੋਰਟ ਤੋਂ ਮਿਲੀ ਉਮਰ ਕੈਦ ਦੀ ਸਜ਼ਾ ਵਿਰੁੱਧ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਦਾ ਹੈ ਤਾਂ ਕੋਰਟ ਕਿਸੇ ਵੀ ਨਤੀਜੇ ‘ਤੇ ਤਕ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦਾ ਵੀ ਪੱਖ ਸੁਣੇ।
ਇਸ ਬਾਰੇ ਐੱਚ. ਐੱਸ. ਫੂਲਕਾ ਦਾ ਕਹਿਣਾ ਹੈ ਕਿ ਜੇਕਰ ਸੱਜਣ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਦਾ ਹੈ ਤਾਂ ਕੋਰਟ ਵਲੋਂ ਸਾਨੂੰ ਦੱਸਿਆ ਜਾਵੇ ਅਤੇ ਸੁਣਵਾਈ ਦੌਰਾਨ ਸਾਨੂੰ ਸੁਣਿਆ ਵੀ ਜਾਵੇ। ਅਸੀਂ ਇਹ ਹੀ ਮੰਗ ਕਰਾਂਗੇ ਕਿ ਸੱਜਣ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਾ ਦਿੱਤੀ ਜਾਵੇ ਅਤੇ ਇਸ ਨੂੰ ਜੇਲ ‘ਚ ਰੱਖਿਆ ਜਾਵੇ। ਕੇਵੀਅਟ ਦਾ ਮਤਲਬ ਹੁੰਦਾ ਹੈ ਕਿ ਜੇਕਰ ਕੋਈ ਵੀ ਦੋਸ਼ੀ ਅਪੀਲ ਦਾਇਰ ਕਰਦਾ ਹੈ ਤਾਂ ਪੀੜਤ ਪੱਖ ਨੂੰ ਦੱਸਿਆ ਜਾਵੇ ਅਤੇ ਉਨ੍ਹਾਂ ਦੀ ਗੱਲ ਨੂੰ ਵੀ ਸੁਣਿਆ ਜਾਵੇ।