ਨਵੀਂ ਦਿੱਲੀ-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਗਸਤਾ ਵੈਸਟਲੈਂਡ ਵੀ. ਵੀ. ਆਈ. ਪੀ. ਹੈਲੀਕੈਪਟਰ ਮਾਮਲੇ ‘ਚ ਕਥਿਤ ਵਿਚੌਲੀਏ ਕ੍ਰਿਸ਼ਚੀਅਨ ਮਿਸ਼ੇਲ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਿਸ਼ੇਲ ਨੂੰ ਈ. ਡੀ. ਨੇ ਸਪੈਸ਼ਲ ਜੱਜ ਅਰਵਿੰਦ ਕੁਮਾਰ ਦੇ ਸਾਹਮਣੇ ਪੇਸ਼ ਕੀਤਾ ਹੈ ਅਤੇ 15 ਦਿਨਾਂ ਲਈ ਹਿਰਾਸਤ ‘ਚ ਦੇਣ ਦੀ ਮੰਗ ਕੀਤੀ। ਈ. ਡੀ. ਦੀ ਮੰਗ ‘ਤੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਕ੍ਰਿਸ਼ਚੀਅਨ ਮਿਸ਼ੇਲ ਨੂੰ ਸੱਤ ਦਿਨਾਂ ਦੀ ਈ. ਡੀ. ਹਿਰਾਸਤ ‘ਤੇ ਭੇਜ ਦਿੱਤਾ ਅਤੇ ਇਸ ਦੀ ਜਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ।
ਇਸ ਤੋਂ ਪਹਿਲਾਂ ਅੱਜ ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਕ੍ਰਿਸ਼ਚੀਅਨ ਮਿਸ਼ੇਲ ਤੋਂ ਕੋਰਟ ਚੈਂਬਰ ‘ਚ 15 ਮਿੰਟਾਂ ਤੱਕ ਪੁੱਛ ਪੜਤਾਲ ਕਰਨ ਦੀ ਆਗਿਆ ਦਿੱਤੀ। ਈ. ਡੀ. ਨੇ ਮਨੀ ਲਾਂਡਰਿੰਗ ਮਾਮਲੇ ‘ਚ ਮਿਸ਼ੇਲ ਦੀ ਗ੍ਰਿਫਤਾਰੀ ਦੀ ਇਜ਼ਾਜਤ ਮੰਗੀ ਸੀ। ਮਿਸ਼ੇਲ ਨੂੰ ਯੂ. ਈ. ‘ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹਵਾਲਗੀ ਦੇ ਤੌਰ ‘ਤੇ 4 ਦਸੰਬਰ ਨੂੰ ਭਾਰਤ ਲਿਆਂਦਾ ਗਿਆ ਸੀ। ਮਿਸ਼ੇਲ ਨੂੰ ਅਗਲੇ ਦਿਨ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿੱਥੇ ਉਸ ਨੂੰ 5 ਦਿਨਾਂ ਦੇ ਲਈ ਸੀ. ਬੀ. ਆਈ. ਦੀ ਹਿਰਾਸਤ ‘ਚ ਭੇਜਿਆ ਗਿਆ। ਉਸ ਦੀ ਹਿਰਾਸਤ ਦੀ ਮਿਆਦ ਬਾਅਦ ‘ਚ 5 ਦਿਨ ਲਈ ਹੋਰ ਵਧਾ ਦਿੱਤੀ ਗਈ। ਇਸ ਤੋਂ ਬਾਅਦ 4 ਦਿਨ ਹੋਰ ਸੀ. ਬੀ. ਆਈ. ਦੀ ਹਿਰਾਸਤ ‘ਚ ਮਿਸ਼ੇਲ ਨੂੰ ਰੱਖਿਆ ਗਿਆ ਸੀ।