ਮਾਨਸਾ— ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਕਿਸੇ ਪਛਾਣ ਦਾ ਮੋਹਤਾਜ਼ ਨਹੀਂ ਹਨ ਅਤੇ ਸਿੱਧੂ ਮੂਸੇਵਾਲਾ ਅੱਜਕਲ ਗਾਇਕੀ ਦੀ ਥਾਂ ਪੰਚਾਇਤੀ ਚੋਣਾਂ ‘ਤੇ ਜ਼ਿਆਦਾ ਧਿਆਨ ਦੇ ਰਹੇ ਹਨ। ਦਰਅਸਲ ਮੂਸੇਵਾਲਾ ਸਰਪੰਚੀ ਚੋਣਾਂ ਵਿਚ ਮਾਨਸਾ ਨੇੜੇ ਪਿੰਡ ਮੂਸਾ ਤੋਂ ਆਪਣੀ ਮਾਂ ਦੇ ਹੱਕ ਵਿਚ ਪ੍ਰਚਾਰ ਕਰਕੇ ਨਸ਼ਿਆਂ ਵਿਰੁੱਧ ਸੁਨੇਹਾ ਦੇਣਗੇ। ਉਨ੍ਹਾਂ ਦੀ ਮਾਂ ਚਰਨ ਕੌਰ ਪਿੰਡ ਮੂਸਾ ਤੋਂ ਸਰਪੰਚੀ ਚੋਣਾਂ ਵਿਚ ਕਾਂਗਰਸ ਦੀ ਉਮੀਦਵਾਰ ਹੈ। ਇਸ ਤੋਂ ਪਹਿਲਾਂ ਉਹ ਪਿੰਡ ਦੇ ਪੰਚ ਰਹਿ ਚੁੱਕੇ ਹਨ। ਉਨ੍ਹਾਂ ਦੇ ਮੁਕਾਬਲੇ ਬੀਬੀ ਮਨਜੀਤ ਕੌਰ ਚੋਣ ਮੈਦਾਨ ਵਿਚ ਹਨ।
ਪਰਿਵਾਰ ਦਾ ਕਹਿਣਾ ਹੈ ਕਿ ਉਹ ਕਿਸੇ ਅਹੁਦੇ ਜਾਂ ਲਾਲਚ ਲਈ ਨਹੀਂ ਸਗੋਂ ਨਸ਼ਾ ਮੁਕਤ ਚੋਣਾਂ ਕਰਨ ਲਈ ਚੋਣ ਮੈਦਾਨ ਵਿਚ ਆਏ ਹਨ। ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਭੋਲਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਪਤਨੀ ਨੂੰ ਚੋਣ ਮੈਦਾਨ ਵਿਚ ਇਸ ਕਰਕੇ ਉਤਾਰਿਆ ਹੈ ਤਾਂ ਕਿ ਉਹ ਆਪਣੇ ਤੌਰ ‘ਤੇ ਸਰਵੇ ਕਰਕੇ ਦੇਖ ਸਕਣ ਕਿ ਉਨ੍ਹਾਂ ਦਾ ਪਿੰਡ ਨਸ਼ਾ ਰਹਿਤ ਚੋਣਾਂ ਵਿਚ ਕਿਥੇ ਕੁ ਖੜ੍ਹਾ ਹੈ।