ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ‘ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲਏ ਜਾਣ ਸੰਬੰਧੀ ਵਿਵਾਦਪੂਰਨ ਪ੍ਰਸਤਾਵ ‘ਤੇ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੱਤਾ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੇ ਪੱਖ ‘ਚ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ‘ਚ ਪੇਸ਼ ਪ੍ਰਸਤਾਵ ‘ਚ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦਾ ਜ਼ਿਕਰ ਨਹੀਂ ਸੀ। ਮਨੀਸ਼ ਸਿਸੌਦੀਆ ਨੇ ਕਿਹਾ,”ਸਾਡਾ ਮੁੱਦਾ 1984 ਦੇ ਦੰਗਾ ਪੀੜਤਾਂ ਨੂੰ ਨਿਆਂ ਦਿਵਾਉਣਾ ਹੈ। ਉਸ ਬਾਰੇ ਸ਼ੁੱਕਰਵਾਰ ਨੂੰ ਵਿਧਾਨ ਸਭਾ ‘ਚ ਚਰਚਾ ਹੋਈ, ਉਸੇ ਬਾਰੇ ਵਿਧਾਇਕਾਂ ਨੇ ਆਪਣੀਆਂ-ਆਪਣੀਆਂ ਗੱਲਾਂ ਰੱਖੀਆਂ, ਉਸ ਬਾਰੇ ਰੈਜ਼ੋਲੂਸ਼ਨ ਆਇਆ। ਇਸ ਦੌਰਾਨ ਮੈਂ ਉੱਥੇ ਮੌਜੂਦ ਨਹੀਂ ਸੀ। ਰਾਜੀਵ ਗਾਂਧੀ ਤੋਂ ਭਾਰਤ ਰਤਨ ਲੈਣ ‘ਤੇ ਸਾਡਾ ਕੋਈ ਸਟੈਂਡ ਨਹੀਂ ਹੈ। ਅਸੀਂ ਕਿਸੇ ਦਾ ਅਸਤੀਫਾ ਨਹੀਂ ਮੰਗਿਆ ਹੈ। ਅਲਕਾ ਲਾਂਬਾ ਦੇ ਟਵੀਟ ‘ਚ ਜੋ ਰੈਜ਼ੋਲੂਸ਼ਨ ਹੈ, ਉਹ ਵੀ ਪ੍ਰਸਤਾਵ ਦਾ ਹਿੱਸਾ ਨਹੀਂ ਹੈ, ਅਸੀਂ ਅਲਕਾ ਤੋਂ ਪੁੱਛਾਂਗੇ ਕਿ ਉਹ ਉਨ੍ਹਾਂ ਕੋਲ ਕਿੱਥੋਂ ਆਇਆ।”
ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ‘ਚ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਭਾਰਤ ਰਤਨ ਸਨਮਾਨ ਵਾਪਸ ਲਏ ਜਾਣ ਦਾ ਪ੍ਰਸਤਾਵ ਪੇਸ਼ ਹੋਣ ‘ਤੇ ਆਮ ਆਦਮੀ ਪਾਰਟੀ ਅੰਦਰ ਅਤੇ ਬਾਹਰ, ਦੋਹਾਂ ਪਾਸਿਓਂ ਘਿਰ ਗਈ ਹੈ। ਪਾਰਟੀ ਅਤੇ ਸਰਕਾਰ ਦੇ ਅੰਦਰ ਪ੍ਰਸਤਾਵ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਇਕ ਪਾਸੇ ਬਾਗੀ ਤੇਵਰ ਅਪਣਾਉਂਦੀ ਦਿੱਸ ਰਹੀ ਅਲਕਾ ਲਾਂਬਾ ਦਾ ਕਹਿਣਾ ਹੈ ਕਿ ਪ੍ਰਸਤਾਵ ‘ਚ ਰਾਜੀਵ ਗਾਂਧੀ ਤੋਂ ਭਾਰਤ ਸਨਮਾਨ ਵਾਪਸ ਲੈਣ ਦੀ ਗੱਲ ਪਹਿਲਾਂ ਤੋਂ ਛਪੀ ਸੀ, ਜਦੋਂ ਕਿ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ ਦਾ ਕਹਿਣਾ ਹੈ ਕਿ ਮੂਲ ਪ੍ਰਸਤਾਵ ‘ਚ ਰਾਜੀਵ ਗਾਂਧੀ ਦਾ ਜ਼ਿਕਰ ਨਹੀਂ ਸੀ ਅਤੇ ਵਿਧਾਇਕ ਜਰਨੈਲ ਸਿੰਘ ਨੇ ਗੁੱਸੇ ‘ਚ ਆ ਕੇ ਹੱਥ ਨਾਲ ਇਹ ਲਿਖਿਆ ਸੀ। ਇਸ ਦੌਰਾਨ ਵਿਧਾਨ ਸਭਾ ਦੀ ਕਾਰਵਾਈ ਦੇ ਇਕ ਵਾਇਰਲ ਵੀਡੀਓ ‘ਚ ਗੋਇਲ ਰਾਜੀਵ ਗਾਂਧੀ ਵਿਰੋਧੀ ਪ੍ਰਸਤਾਵ ਪਾਸ ਨੂੰ ਸਵੀਕਾਰ ਕਰਦੇ ਦਿੱਸ ਰਹੇ ਹਨ। ਅਜਿਹੇ ‘ਚ ਸਵਾਲ ਉੱਠ ਰਹੇ ਹਨ ਕਿ ਰਾਜੀਵ ਗਾਂਧੀ ‘ਤੇ ਕੇਜਰੀਵਾਲ ਸਰਕਾਰ ਯੂ-ਟਰਨ ਲੈ ਰਹੀ ਹੈ ਜਾਂ ਫਿਰ ਅਲਕਾ ਲਾਂਬਾ ਦਾ ਦਾਅਵਾ ਹੀ ਖੋਖਲਾ ਹੈ।