ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਸਥਿਤ ਪਵਿੱਤਰ ਬੇਰੀਆਂ ਦੀ ਸੁਰੱਖਿਆ ਲਈ ਲਈ ਉਨ੍ਹਾਂ ਦੇ ਆਲੇ-ਦੁਆਲੇ 10 ਫੁੱਟ ਤੱਕ ਸੰਗਮਰਮਰ ਤੇ ਕੰਕ੍ਰੀਟ ਹਟਾ ਦਿੱਤੇ ਗਏ ਹਨ ਤੇ ਉਨ੍ਹਾਂ ਦੀ ਜਗ੍ਹਾ ‘ਤੇ ਕੱਚੀ ਤੇ ਪੋਸ਼ਕ ਮਿੱਟੀ ਪਾਈ ਗਈ ਹੈ। ਦੁੱਖ ਭੰਜਨੀ ਬੇਰੀ ਦੀਆਂ ਜੜ੍ਹਾ, ਜਿਸ ਦੇ ਆਲੇ-ਦੁਆਲੇ ਸਿਰਫ ਦੋ-ਦੋ ਫੁੱਟ ਕੱਚੀ ਜਗ੍ਹਾ ਸੀ, ਨੂੰ ਵਧਾ ਕੇ ਦਸ ਫੁੱਟ ਕਰ ਦਿੱਤਾ ਗਿਆ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਗਿਆਨਕ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਐੱਸ.ਜੀ.ਪੀ.ਸੀ. ਤੇ ਸੇਵਾ ਕਰਨ ਵਾਲੇ ਬਾਬਾ ਜੀ ਦੀ ਮਦਦ ਨਾਲ ਜੜ੍ਹਾ ਦੇ ਆਲੇ-ਦੁਆਲੇ ‘ਚੋਂ ਚਾਰ ਟਰਾਲੀਆਂ ਮਿੱਟੀ ਦੀਆਂ ਕੱਢੀਆਂ ਗਈਆਂ, ਇਹ ਮਿੱਟੀ ਕੰਕ੍ਰੀਟ ਵਾਲੀ ਸੀ। ਇਸ ਉਪਰੰਤ ਉਸ ਦੀ ਜਗ੍ਹਾ ‘ਤੇ ਪੋਸ਼ਕ ਮਿੱਟੀ ਪਾਈ ਗਈ ਹੈ।
ਬੇਰ ਬਾਬਾ ਬੁੱਢਾ ਸਾਹਿਬ, ਦੁੱਖ ਭੰਜਨੀ ਬੇਰੀ ਤੇ ਲਾਚੀ ਬੇਰੀ ‘ਤੇ ਪੁਰਾਣੇ ਸਮੇਂ ‘ਚ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਦੇ ਹਮਲੇ ਹੋਣ ਲੱਗ ਪਏ ਸਨ। ਇਸ ਤੋਂ ਬਾਅਦ 2005 ‘ਚ ਐੱਸ.ਜੀ.ਪੀ.ਸੀ. ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਰਾਬਤਾ ਕਾਇਮ ਕਰਕੇ ਬੇਰੀਆਂ ਨੂੰ ਸੁਰੱਖਿਅਤ ਰੱਖਣ ਦੀ ਗੱਲ ਕੀਤੀ ਤੇ 2006 ‘ਚ ਵਿਗਿਆਨੀਆਂ ਨੇ ਇਸ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਬੇਰ ਬਾਬਾ ਬੁੱਢਾ ਸਾਹਿਬ ਤੇ ਲਾਚੀ ਬੇਰੀ ਨੂੰ ਸੁਰੱਖਿਅਤ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਤਹਿਤ ਬੇਰੀਆਂ ‘ਤੇ ਦਵਾਈਆਂ ਦਾ ਛੜਕਾਅ ਤੇ ਹੋਰ ਉਪਚਾਰ ਕੀਤੇ ਗਏ। ਇਸ ਤੋਂ ਬਾਅਦ ਇਨ੍ਹਾਂ ਦੀਆਂ ਜੜ੍ਹਾ ਦੇ ਆਲੇ-ਦੁਆਲੇ ਇਕ-ਦੋ ਫੁੱਟ ਕੱਚੀ ਜਗ੍ਹਾ ਸੀ ਜਿਸਨੂੰ ਵਧਾ ਕੇ ਚਾਰ-ਪੰਜ ਫੁੱਟ ਕਰ ਦਿੱਤਾ ਗਿਆ। ਇਸ ਜਗ੍ਹਾ ‘ਤੇ ਪੌਸ਼ਕ ਤੱਤਾਂ ਵਾਲੀ ਮਿੱਟੀ ਪਾਈ ਗਈ, ਜਿਸ ਦੇ ਚੱਲਦੇ ਇਹ ਬੇਰੀਆਂ ਵੱਧਣ-ਫੁੱਲਣ ਲੱਗੀਆਂ ਤੇ ਇਨ੍ਹਾਂ ਨੂੰ ਫੱਲ ਵੀ ਲੱਗਣ ਲੱਗੇ। ਇਸ ਤੋਂ ਬਾਅਦ ਸਭ ਤੋਂ ਅਹਿਮ ਮੰਨੀ ਜਾਣ ਵਾਲੀ ਦੁੱਖ ਭੰਜਨੀ ਬੇਰੀ ਦੀ ਸਾਂਭ-ਸੰਭਾਲ ਦਾ ਕੰਮ ਸ਼ੁਰੂ ਕੀਤੀ ਗਿਆ, ਜੋ ਹੁਣ ਵੀ ਜਾਰੀ ਹੈ। ਡਾ. ਨਰਿੰਦਰ ਦਾ ਕਹਿਣਾ ਹੈ ਕਿ ਇਨ੍ਹਾਂ ਬੇਰੀਆਂ ‘ਤੋਂ ਖਤਰਾ ਪੂਰੀ ਤਰ੍ਹਾਂ ਟਲ ਚੁੱਕਾ ਹੈ।
ਦੁਨੀਆਂ ਦੀ ਪੁਰਾਤਨ ਬੇਰੀਆਂ
ਵਿਗਿਆਨੀਆਂ ਮੁਤਾਬਕ ਦੁਖਭੰਜਨੀ ਬੇਰੀ ਦੀ ਉਮਰ 350-400 ਸਾਲ, ਬੇਰ ਬਾਬਾ ਬੁੱਢਾ ਸਾਹਿਬ ਦੀ ਉਮਰ 350 ਤੋਂ 750 ਸਾਲ ਤੇ ਲਾਚੀ ਬੇਰੀ ਦੀ ਉਮਰ 300 ਸਾਲ ਦੇ ਕਰੀਬ ਹੈ। ਹਾਲਾਂਕਿ ਆਮ ਬੇਰੀ ਦੀ ਉਮਰ 100 ਸਾਲ ਦੇ ਕਰੀਬ ਮੰਨੀ ਜਾਂਦੀ ਹੈ। ਇਸ ਤਰ੍ਹਾਂ ਇਹ ਦੁਨੀਆਂ ਦੀਆਂ ਸਭ ਤੋਂ ਪੁਰਾਤਨ ਬੇਰੀਆਂ ‘ਚ ਸ਼ਾਮਲ ਹੈ।