ਟਾਂਡਾ ਉੜਮੁੜ — ਪੰਜਾਬ ਦੀ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਦੋਹਰੇ ਮਾਪਦੰਡਾਂ ਕਾਰਨ ਦੇਸ਼ ‘ਚ ਹਜ਼ਾਰਾਂ ਸਿੱਖਾਂ ਦੇ ਹੋਏ ਕਤਲੇਆਮ ਬਾਰੇ ਤਾਂ ਬੋਲਦੇ ਨਹੀਂ, ਇਸ ਦੇ ਉਲਟ ਚਮਚਾਗਿਰੀ ਦੇ ਚਲਦਿਆਂ ਉਨ੍ਹਾਂ ਸਿੱਖ ਨੌਜਵਾਨਾਂ ‘ਤੇ 5 ਮਿੰਟਾਂ ‘ਚ ਪਰਚੇ ਦਰਜ ਕਰ ਦਿੱਤੇ। ਉਨ੍ਹਾਂ ਸਿੱਖਾਂ ਦਾ ਦੋਸ਼ ਇਹੀ ਸੀ ਕਿ ਉਨ੍ਹਾਂ ਨੇ ਕੌਮ ਦੇ ਦੁਸ਼ਮਣ ਦਾ ਮੂੰਹ ਕਾਲਾ ਕੀਤਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਰਸੂਲਪੁਰ ਵਿਖੇ ਕੀਤਾ। ਸੁਖਬੀਰ ਬਾਦਲ ਹਲਕਾ ਇੰਚਾਰਜ ਅਕਾਲੀ ਦਲ ਅਰਵਿੰਦਰ ਸਿੰਘ ਰਸੂਲਪੁਰ ਦੇ ਪਿਤਾ ਚੰਨਣ ਸਿੰਘ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਆਏ ਹੋਏ ਸਨ।
ਇਸ ਮੌਕੇ ਉਹ ਲੁਧਿਆਣਾ ‘ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲੇ ਜਾਣ ਸੰਬੰਧੀ ਸਵਾਲਾਂ ਦੇ ਜਵਾਬ ਦੇ ਰਹੇ ਸਨ। ਸੁਖਬੀਰ ਬਾਦਲ ਨੇ ਉਕਤ ਘਟਨਾ ਦਾ ਹਵਾਲਾ ਦਿੰਦੇ ਕਿਹਾ ਕਿ ਜਦੋਂ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਸੀ, ਉਸ ਸਮੇਂ ਕਾਂਗਰਸ ਸਰਕਾਰ ਵੇਲੇ ਕੋਈ ਕੇਸ ਰਜਿਸਟਰਡ ਨਹੀਂ ਹੋਇਆ ਨਾ ਹੀ ਚਾਰ ਦਿਨ ਪੁਲਸ ਲੱਭੀ। ਹੁਣ ਜਦੋਂ ਸਿੱਖ ਨੌਜਵਾਨਾਂ ਨੇ ਭਾਵਨਾ ਜਾਗਣ ਅਤੇ ਕੌਮ ਦੇ ਦੁਸ਼ਮਣਾਂ ਦਾ ਮੂੰਹ ਕਾਲਾ ਕਰ ਦਿੱਤਾ ਹੈ ਤਾਂ ਕੈਪਟਨ ਸਰਕਾਰ ਨੇ ਪੰਜਾ ਮਿੰਟਾਂ ‘ਚ ਪਰਚਾ ਦੇ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਤਾਂ ਹਾਈਕੋਰਟ ਨੇ ਵੀ ਮੋਹਰ ਲਗਾ ਦਿੱਤੀ ਹੈ ਕਿ ਕਾਂਗਰਸ ਅਤੇ ਗਾਂਧੀ ਪਰਿਵਾਰ ਦੇ ਹੁਕਮ ‘ਤੇ ਇਹ ਸਾਰਾ ਕੰਮ ਹੋਇਆ ਸੀ ਫਿਰ ਵੀ ਪੰਜਾਬ ਦੇ ਕਾਂਗਰਸੀ ਚਮਚਾਗਿਰੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਹੈਰਾਨੀ ਹੋਈ ਜਦੋ ਕਾਂਗਰਸੀ ਸਿੱਖ ਪੱਗ ਨਾਲ ਉਹ ਕਾਲਖ ਸਾਫ ਕਰ ਰਿਹਾ ਹੈ। ਉਨ੍ਹਾਂ ਨੇ ਇਸ ਵਰਤਾਰੇ ਦੀ ਸਖਤ ਸ਼ਬਦਾਂ ‘ਚ ਨਿੰਦਿਆਂ ਕਰਦੇ ਕਿਹਾ ਕਿ ਦਸਤਾਰ ਗੁਰੂ ਸਾਹਿਬ ਵੱਲੋਂ ਦਿੱਤੀ ਗਈ ਹੈ, ਜਿਸ ਦੀ ਸ਼ਾਨ ਬਰਕਰਾਰ ਰੱਖਣੀ ਹਰ ਸਿੱਖ ਦਾ ਫਰਜ਼ ਹੈ। ਗੁਰਦਾਸਪੁਰ ‘ਚ ਹੋ ਰਹੀ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਬਾਰੇ ਉਨ੍ਹਾਂ ਨੇ ਕਿਹਾ ਕਿ ਇਹ ਰੈਲੀ ਭਾਜਪਾ ਅਤੇ ਅਕਾਲੀ ਦਲ ਦੀ ਸਾਂਝੀ ਰੈਲੀ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਅਰਵਿੰਦਰ ਸਿੰਘ ਰਸੂਲਪੁਰ, ਬੀਬੀ ਮਹਿੰਦਰ ਕੌਰ ਜੋਸ਼, ਬੀਬੀ ਜਾਗੀਰ ਕੌਰ, ਦੇਸ ਰਾਜ ਸਿੰਘ ਧੁੱਗਾ, ਜਥੇਦਾਰ ਤਾਰਾ ਸਿੰਘ, ਕਮਲਜੀਤ ਸਿੰਘ ਕੁਲਾਰ ਆਦਿ ਮੌਜੂਦ ਸਨ।