ਕਾਂਗੜਾ -ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨਾਲ ਕਰਜ਼ ਮੁਆਫੀ ਦੇ ਝੂਠੇ ਵਾਅਦੇ ਕੀਤੇ ਸਨ ਪਰ ਅੱਜ ਤਕ ਪੰਜਾਬ ਦੇ ਕਿਸਾਨਾਂ ਨੂੰ ਕੁਝ ਵੀ ਨਹੀਂ ਮਿਲਿਆ ਹੈ। ਹਿਮਾਚਲ ‘ਚ ਭਾਜਪਾ ਦੀ ਸੂਬਾ ਸਰਕਾਰ ਦੇ ਇਕ ਸਾਲ ਪੂਰਾ ਹੋਣ ‘ਤੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਲਗਾਤਾਰ ਕਰਜ਼ ਮੁਆਫੀ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ। ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਵਲੋਂ ਸਾਲ 2008 ਵਿਚ ਕਿਸਾਨ ਕਰਜ਼ ਮੁਆਫੀ ਦਾ ਐਲਾਣ ਕਰ ਕੇ 6 ਲੱਖ ਕਰੋਡ਼ ਰੁਪਏ ਦੀ ਰਾਸ਼ੀ ਦਾ ਐਲਾਣ ਕੀਤਾ ਗਿਆ ਪਰ ਇਸ ਰਾਸ਼ੀ ‘ਚ ਵੀ ਘਪਲਾ ਹੋਇਆ। ਇਸ ਰਾਸ਼ੀ ‘ਚੋਂ ਕਰੀਬ 35 ਲੱਖ ਅਜਿਹੇ ਲੋਕ ਪੈਸੇ ਲੈ ਗਏ, ਜਿਨ੍ਹ੍ਵਾਂ ਦੇ ਨਾ ਖੇਤ ਤੇ ਨਾ ਹੀ ਕੋਈ ਖੇਤੀ ਨਾਲ ਸੰਬੰਧ ਸੀ। ਕਾਂਗਰਸ ਸਰਕਾਰ ਦੇ ਇਸ ਘਪਲੇ ‘ਤੇ ਕੈਗ ਦੀ ਰਿਪੋਰਟ ਵੀ ਆਈ ਸੀ ਪਰ ਇਹ ਖਬਰ ਮੀਡੀਆ ‘ਚ ਨਹੀਂ ਆਈ, ਕਿਉਂਕਿ ਉਸ ਵੇਲੇ ਕਾਂਗਰਸ ਸਰਕਾਰ ਨੇ ਘਪਲੇ ਹੀ ਇਨ੍ਹੇਂ ਵੱਡੇ ਕੀਤੇ ਸਨ ਕਿ ਕਿਸੇ ਦਾ ਇਸ ਪਾਸੇ ਧਿਆਨ ਹੀ ਨਹੀਂ ਗਿਆ।