ਮੈਲਬਰਨ – ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਆਸਟਰੇਲੀਆ ਖ਼ਿਲਾਫ਼ ਮੈਲਬਰਨ ‘ਚ ਹੋਣ ਵਾਲੇ ਤੀਜੇ ਕ੍ਰਿਕਟ ਟੈੱਸਟ ‘ਚ ਸਾਬਕਾ ਭਾਰਤੀ ਕਪਤਾਨ ਅਤੇ ਲੈਫ਼ਟ ਆਰਮ ਸਪਿਨਰ ਬਿਸ਼ਨ ਸਿੰਘ ਬੇਦੀ ਨੂੰ ਪਿੱਛੇ ਛੱਡ ਸਕਦਾ ਹੈ।
30 ਸਾਲਾ ਇਸ਼ਾਂਤ ਨੇ ਆਸਟਰੇਲੀਆ ਖ਼ਿਲਾਫ਼ ਦੋ ਮੈਚਾਂ ‘ਚ ਕੁੱਲ ਅੱਠ ਵਿਕਟਾਂ ਹਾਸਿਲ ਕੀਤੀਆਂ ਹਨ ਅਤੇ ਬੇਦੀ ਤੋਂ ਅੱਗੇ ਨਿਕਲਣ ਲਈ ਉਸ ਨੂੰ ਸਿਰਫ਼ ਤਿੰਨ ਵਿਕਟਾਂ ਦੀ ਹੋਰ ਜ਼ਰੂਰਤ ਹੈ। ਇਸ਼ਾਂਤ ਦੇ ਖਾਤੇ ‘ਚ 89 ਟੈੱਸਟਾਂ ‘ਚ 264 ਵਿਕਟਾਂ ਹਨ ਜਦਕਿ 1966 ਤੋਂ 1979 ਤਕ ਭਾਰਤ ਲਈ ਖੇਡਣ ਵਾਲੇ ਬੇਦੀ ਨੇ 67 ਮੈਚਾਂ ‘ਚ 266 ਵਿਕਟਾਂ ਹਾਸਿਲ ਕੀਤੀਆਂ ਸਨ।
ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ‘ਚ ਇਸ਼ਾਂਤ ਅਤੇ ਬੇਦੀ ਤੋਂ ਅੱਗੇ ਜ਼ਹੀਰ ਖ਼ਾਨ (311), ਰਵੀਚੰਦਰਨ ਅਸ਼ਵਿਨ (342), ਹਰਭਜਨ ਸਿੰਘ (417), ਕਪਿਲ ਦੇਵ (434) ਅਤੇ ਅਨਿਲ ਕੁੰਬਲੇ (619) ਹਨ।