ਨਵੀਂ ਦਿੱਲੀ – ਸਾਲ 2018 ਅੰਤਿਮ ਪੜਾਅ ‘ਤੇ ਆ ਚੁੱਕਾ ਹੈ। ਕ੍ਰਿਕਟ ਜਗਤ ‘ਚ ਕਈ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ। ਕੁੱਝ ਬੱਲੇਬਾਜ਼ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਸਾਰੀ ਦੁਨੀਆ ‘ਚ ਛਾਏ ਤਾਂ ਉੱਥੇ ਹੀ ਕੁੱਝ ਅਜਿਹੇ ਵਿਵਾਦ ਵੀ ਹੋਏ ਜਿਨ੍ਹਾਂ ਨੇ ਇਸ ਜੈਂਟਲਮੈੱਨਜ਼ ਗੇਮ ਨੂੰ ਬਦਨਾਮ ਕੀਤਾ। ਕੁੱਝ ਅਜਿਹੇ ਵਿਵਾਦ ਹੋਏ ਜਿਨ੍ਹਾਂ ਨੇ ਕ੍ਰਿਕਟ ਦੀ ਖੇਡ ਨੂੰ ਹੀ ਸ਼ਰਮਿੰਦਗੀ ਦਾ ਪਾਤਰ ਬਣਾ ਦਿੱਤਾ। ਆਓ ਜਾਣੀਏ ਇਨ੍ਹਾਂ ਵਿਵਾਦਾਂ ਬਾਰੇ।

ਮੁਹੰਮਦ ਸ਼ਮੀ ਅਤੇ ਉਸ ਦੀ ਪਤਨੀ ਵਿਚਾਲੇ ਵਿਵਾਦ
ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਆਪਣੇ ਪਤੀ ‘ਤੇ ਗੰਭੀਰ ਦੋਸ਼ ਲਾਏ। ਹਸੀਨ ਜਹਾਂ ਨੇ 6 ਮਾਰਚ ਨੂੰ ਆਪਣੇ ਔਫ਼ੀਸ਼ੀਅਲ ਫ਼ੇਸਬੁੱਕ ਐਕਾਊਂਟ ‘ਤੇ ਵਾਟਸਐਪ ਚੈਟਿੰਗ ਦੇ ਸਕ੍ਰੀਨ ਸ਼ਾਰਟ ਅਤੇ ਤਸਵੀਰਾਂ ਪੋਸਟ ਕਰ ਕੇ ਸ਼ਮੀ ‘ਤੇ ਐਕਸਟਰਾ ਮੈਰੀਟਲ ਅਫ਼ੇਅਰ ਦਾ ਦੋਸ਼ ਲਗਾ ਕੇ ਇਸ ਕਿਕਟਰ ਦੀ ਦੁਨੀਆ ‘ਚ ਭੂਚਾਲ ਲਿਆ ਦਿੱਤਾ ਸੀ। ਉਸ ਖ਼ਿਲਾਫ਼ ਕੇਸ ਵੀ ਕੀਤਾ ਗਿਆ। ਅੰਤ ‘ਚ ਸ਼ਮੀ ਨੂੰ BCCI ਵਲੋਂ ਬੇਕਸੂਰ ਸਾਬਿਤ ਕੀਤਾ ਗਿਆ। ਸ਼ਮੀ ਅਤੇ ਉਸ ਦੀ ਪਤਨੀ ਵਿਚਾਲੇ ਹੋਇਆ ਇਹ ਵਿਵਾਦ ਕਾਫ਼ੀ ਸੁਰਖ਼ੀਆਂ ‘ਚ ਰਿਹਾ।
ਮਿਤਾਲੀ ਰਾਜ ਅਤੇ ਪਵਾਰ ਵਿਵਾਦ
ਮਿਤਾਲੀ ਰਾਜ ਅਤੇ ਮਹਿਲਾ ਕ੍ਰਿਕਟ ਟੀਮ ਦੇ ਕੋਚ ਰਹੇ ਰੋਮੇਸ਼ ਪਵਾਰ ਵਿਚਾਲੇ ਹੋਈ ਜ਼ੁਬਾਨੀ ਜੰਗ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਮਿਤਾਲੀ ਨੇ ਪਵਾਰ ‘ਤੇ ਵਿਤਕਰਾ ਕਰਨ ਦੇ ਦੋਸ਼ ਲਾਏ। ਵਿੰਡੀਜ਼ ‘ਚ ਵਿਸ਼ਵ ਕੱਪ ‘ਚ ਮਿਤਾਲੀ ਰਾਜ ਦੋ ਮੈਚਾਂ ‘ਚ ਪਲੇਅਰ ਔਫ਼ ਦਾ ਮੈਚ ਸੀ। ਇਸ ਦੇ ਬਾਵਜੂਦ ਸੈਮੀਫ਼ਾਈਨਲ ‘ਚ ਉਸ ਨੂੰ ਬਾਹਰ ਬਿਠਾਇਆ ਗਿਆ। ਇਸ ‘ਤੇ ਬਹੁਤ ਵਿਵਾਦ ਹੋਇਆ। ਮਿਤਾਲੀ ਦੇ ਦਰਦ ਨੂੰ ਪੂਰੇ ਦੇਸ਼ ਨੇ ਸਮਝਿਆ ਅਤੇ ਕੋਚ ਰੋਮੇਸ਼ ਪਵਾਰ ਅਤੇ ਕਪਤਾਨ ਹਰਮਨਪ੍ਰੀਤ ਦੀ ਕਾਫ਼ੀ ਫ਼ਜ਼ੀਹਤ ਹੋਈ।

ਵਿਰਾਟ ਦਾ ਬੇਤੁਕਾ ਬਿਆਨ
ਵੈਸੇ ਤਾਂ ਕਪਤਾਨ ਵਿਰਾਟ ਕੋਹਲੀ ਦੌੜਾਂ ਬਣਾਉਣ ਕਾਰਨ ਖ਼ੂਬ ਛਾਇਆ ਰਿਹਾ, ਪਰ ਉਹ ਆਪਣੇ ਇੱਕ ਬੇਤੁਕੇ ਬਿਆਨ ਕਾਰਨ ਵੀ ਚਰਚਾ ‘ਚ ਰਿਹਾ। ਕੋਹਲੀ ਨੂੰ ਵੀਡੀਓ ਚੈਟ ਦੇ ਦੌਰਾਨ ਇੱਕ ਫ਼ੈਨ ਨੇ ਕਿਹਾ ਸੀ ਕਿ ਉਹ ਉਸ ਸਮੇਤ ਕਈ ਹੋਰ ਭਾਰਤੀ ਖਿਡਾਰੀਆਂ ਨੂੰ ਵਿਦੇਸ਼ੀ ਖਿਡਾਰੀਆਂ ਦੇ ਮੁਕਾਬਲੇ ਪਸੰਦ ਨਹੀਂ ਕਰਦਾ। ਉਸ ਤੋਂ ਬਾਅਦ ਕੋਹਲੀ ਨੇ ਫ਼ੈਨ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਆਪਣੇ ਦੇਸ਼ ਦੇ ਖਿਡਾਰੀਆਂ ਨੂੰ ਪਸੰਦ ਨਹੀਂ ਕਰਦਾ ਤਾਂ ਉਸ ਨੂੰ ਭਾਰਤ ਦੇਸ਼ ਛੱਡ ਦੇਣਾ ਚਾਹੀਦਾ ਹੈ। ਉਸ ਦੇ ਇਸ ਬਿਆਨ ਦੀ ਕਾਫ਼ੀ ਆਲੋਚਨਾ ਹੋਈ ਸੀ।

ਰਵੀ ਸ਼ਾਸਤਰੀ ਦੇ ਬਿਆਨ ‘ਤੇ ਵਿਵਾਦ
ਸਤੰਬਰ-ਅਕਤੂਬਰ ਵਿਚਾਲੇ ਹੋਈ ਪੰਜ ਟੈੱਸਟ ਮੈਚਾਂ ਦੀ ਸੀਰੀਜ਼ ‘ਚ ਭਾਰਤ ਨੂੰ ਇੰਗਲੈਂਡ ਤੋਂ 4-1 ਨਾਲ ਹਾਰ ਝਲਣੀ ਪਈ। ਟੀਮ ਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ, ਪਰ ਇਸ ਬਲਦੀ ਅੱਗ ‘ਚ ਘਿਓ ਪਾਉਣ ਦਾ ਕੰਮ ਕੋਚ ਰਵੀ ਸ਼ਾਸਤਰੀ ਨੇ ਕੀਤਾ। ਸ਼ਾਸਤਰੀ ਨੇ ਸ਼ਰਮਨਾਕ ਹਾਰ ਦੇ ਬਾਵਜੂਦ ਬਿਆਨ ਦਿੱਤਾ, ”ਇਹ ਟੀਮ ਪਿਛਲੇ 15 ਸਾਲਾਂ ਦੇ ਮੁਕਾਬਲੇ ਸਭ ਤੋਂ ਬਿਹਤਰੀਨ ਭਾਰਤੀ ਟੀਮ ਹੈ। ਸ਼ਾਸਤਰੀ ਦੇ ਇਸ ਬਿਆਨ ਤੋਂ ਸਾਬਕਾ ਦਿੱਗਜ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਸ਼ਾਸਤਰੀ ਦੇ ਬਿਆਨ ਦੀ ਸਖ਼ਤ ਆਲੋਚਨਾ ਕੀਤੀ। ਮਾਮਲਾ ਇੰਨਾ ਵੱਧ ਗਿਆ ਕਿ BCCI ਨੇ ਵੀ ਸ਼ਾਸਤਰੀ ਨੂੰ ਯਾਦ ਦਿਵਾਇਆ ਕਿ ਉਸ ਦੀ ਟੀਮ ਓਨੀ ਬਿਹਤਰ ਨਹੀਂ ਜਿੰਨੀ ਉਹ ਮੰਨ ਕੇ ਚੱਲ ਰਿਹਾ ਹੈ।

ਗੇਂਦ ਨਾਲ ਛੇੜਛਾੜ ਦਾ ਮਾਮਲਾ
ਮਾਰਚ ਦਾ ਮਹੀਨਾ ਕ੍ਰਿਕਟ ਆਸਟਰੇਲੀਆ ਲਈ ਇੰਨਾ ਵੱਡਾ ਵਿਵਾਦ ਲੈ ਕੇ ਆਇਆ ਕਿ ਪੂਰਾ ਕ੍ਰਿਕਟ ਜਗਤ ਹਿਲ ਗਿਆ। ਆਸਟਰੇਲੀਆਈ ਓਪਨਰ ਬਾਲਰ ਕੈਮਰੂਨ ਬੈੱਨਕ੍ਰੌਫ਼ਟ ਨੂੰ ਪੀਲੇ ਰੰਗ ਦੇ ਪਦਾਰਥ ਦੇ ਨਾਲ ਗੇਂਦ ਨਾਲ ਛੇੜਛਾੜ ਕਰਦੇ ਹੋਏ ਦੇਖਿਆ ਗਿਆ। ਉਸ ਤੋਂ ਬਾਅਦ ਖ਼ੁਲਾਸਾ ਹੋਇਆ ਕਿ ਕਪਤਾਨ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਨੇ ਮੈਚ ਜਿੱਤਣ ਲਈ ਬਾਲ ਟੈਂਪਰਿੰਗ ਦਾ ਸਹਾਰਾ ਲਿਆ। ਦੋਸ਼ ਸਹੀ ਪਾਏ ਜਾਣ ਦੇ ਬਾਅਦ ਇਨ੍ਹਾਂ ‘ਤੇ ਇੱਕ ਸਾਲ ਦਾ ਬੈਨ ਲਾ ਦਿੱਤਾ ਗਿਆ। ਇਸ ਘਟਨਾ ਨਾਲ ਆਸਟਰੇਲਈਆ ਕ੍ਰਿਕਟ ਬੋਰਡ ਕਾਫ਼ੀ ਬਦਨਾਮ ਹੋਇਆ॥

ਸ਼ਾਸਤਰੀ ਦਾ ਆਲੋਚਕਾਂ ਨੂੰ ਜਵਾਬ, ਦੂਰ ਬੈਠ ਕੇ ਗੱਲਾਂ ਕਰਨਾ ਆਸਾਨ ਐ
ਮੈਲਬਰਨ – ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਟੀਮ ਦੀ ਆਲੋਚਨਾ ਨੂੰ ਖ਼ਾਰਿਜ ਕਰਦਿਆਂ ਆਲੋਚਕਾਂ ਨੂੰ ਆਪਣੇ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਲੱਖਾਂ ਮੀਲ ਦੂਰ ਬੈਠ ਕੇ ਗੱਲਾਂ ਕਰਨਾ ਆਸਾਨ ਹੁੰਦਾ ਹੈ। ਭਾਰਤ ਨੂੰ ਪਰਥ ਟੈੱਸਟ ਵਿੱਚ 146 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਤੋਂ ਬਾਅਦ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਵਰਗੇ ਲੋਕਾਂ ਨੇ ਟੀਮ ਪ੍ਰਬੰਧਕਾਂ ਦੀ ਚੋਣ ਨੀਤੀ ‘ਤੇ ਸਵਾਲ ਚੁੱਕੇ ਸਨ ਅਤੇ ਕਪਤਾਨ ਵਿਰਾਟ ਕੋਹਲੀ ਅਤੇ ਮੁੱਖ ਕੋਚ ਤੋਂ ਵੱਧ ਜਵਾਬਦੇਹੀ ਦੀ ਮੰਗ ਕੀਤੀ।
ਸ਼ਾਸਤਰੀ ਨੇ ਕਿਸੇ ਦਾ ਨਾਂ ਨਹੀਂ ਲਿਆ, ਪਰ ਆਲੋਚਨਾਵਾਂ ਨੂੰ ਉਸ ਨੇ ਸਿਰੇ ਤੋਂ ਖ਼ਾਰਿਜ ਕਰਦਿਆਂ ਕਿਹਾ ਕਿ ਉਸ ਨੂੰ ਇਹ ਟਿੱਪਣੀਆਂ ਪਸੰਦ ਨਹੀਂ ਆਈਆਂ। ਸ਼ਾਸਤਰੀ ਨੇ ਟੀਮ ਨਿਸ਼ਾਨਾ ਬਣਾਉਣ ਵਾਲੇ ਸਾਬਕਾ ਕ੍ਰਿਕਟਰਾਂ ‘ਤੇ ਪਲਟਵਾਰ ਕਰਦਿਆਂ ਕਿਹਾ, ”ਜਦੋਂ ਤੁਸੀਂ ਲੱਖਾਂ ਮੀਲ ਦੂਰ ਬੈਠੇ ਹੁੰਦੇ ਹੋ ਤਾਂ ਗੱਲਾਂ ਬਣਾਉਣਾ ਆਸਾਨ ਹੁੰਦਾ ਹੈ। ਉਹ ਕਾਫ਼ੀ ਦੂਰ ਬੈਠ ਕੇ ਟਿੱਪਣੀ ਕਰ ਰਹੇ ਹਨ ਅਤੇ ਅਸੀਂ ਧਰਤੀ ਦੇ ਦੱਖਣੀ ਪਾਸੇ ਬੈਠੇ ਹਾਂ। ਅਸੀਂ ਉਹ ਕਰਨਾ ਹੈ ਜੋ ਟੀਮ ਲਈ ਸਰਵਸ੍ਰੇਸ਼ਠ ਹੈ, ਇਹ ਆਮ ਜਿਹੀ ਗੱਲ ਹੈ।”
ਚੋਣ ਮਾਮਲੇ ਵਿੱਚ ਸ਼ਾਸਤਰੀ ਨੇ ਕਿਹਾ ਕਿ ਇੱਕ ਇੱਕਲੌਤੀ ਪਰੇਸ਼ਾਨੀ ਰਵਿੰਦਰ ਜਡੇਜਾ ਨੂੰ ਖਿਡਾਉਣ ਨੂੰ ਲੈ ਕੇ ਸੀ ਅਤੇ ਅਜਿਹਾ ਕੁੱਝ ਨਹੀਂ ਸੀ ਜਿਵੇਂ ਕੁੱਝ ਜਾਣਕਾਰਾਂ ਨੇ ਬਣਾ ਦਿੱਤਾ। ਮੁੱਖ ਕੋਚ ਸ਼ਾਸਤਰੀ ਨੇ ਕਿਹਾ, ”ਜਡੇਜਾ ਤੋਂ ਇਲਾਵਾ ਮੈਨੂੰ ਨਹੀਂ ਲਗਦਾ ਕਿ ਚੋਣ ਨੂੰ ਲੈ ਕੇ ਹੋਰ ਕੋਈ ਪਰੇਸ਼ਾਨੀ ਸੀ। ਦੂਜੇ ਟੈੱਸਟ ਦੌਰਾਨ ਮੈਦਾਨ ‘ਤੇ ਜਡੇਜਾ ਅਤੇ ਇਸ਼ਾਂਤ ਸ਼ਰਮਾ ਦੀ ਕੈਮਰੇ ‘ਚ ਕੈਦ ਹੋਈ ਬਹਿਸ ‘ਤੇ ਕੋਚ ਨੇ ਕਿਹਾ, ”ਮੈਂ ਕਦੇ ਹੈਰਾਨ ਨਹੀਂ ਹੁੰਦਾ। ਕਈ ਤਰੀਕਿਆਂ ਨਾਲ ਇਹ ਟੀਮ ਨੂੰ ਇੱਕਜੁੱਟ ਹੋਣ ਦੀ ਲਈ ਹੌਂਸਲਾ ਦੇ ਸਕਦੀ ਹੈ ਅਤੇ ਉਮੀਦ ਕਰਦੇ ਹਾਂ ਕਿ ਅਜਿਹਾ ਹੀ ਹੋਵੇ।”
ਉਸ ਸਮੇਂ ਵੀ ਕੋਈ ਹੈਰਾਨੀ ਨਹੀਂ ਹੋਈ ਜਦੋਂ ਸ਼ਾਸਤਰੀ ਨੇ ਕਪਤਾਨ ਕੋਹਲੀ ਦਾ ਸਮੱਰਥਨ ਕੀਤਾ ਜਿਸ ਦੇ ਮੈਦਾਨੀ ਵਰਤਾਅ ‘ਤੇ ਆਸਟਰੇਲੀਆਈ ਜਾਣਕਾਰਾਂ ਨੇ ਸਵਾਲ ਚੁੱਕੇ ਸਨ। ਸ਼ਾਸਤਰੀ ਨੇ ਕਿਹਾ ਕਿ ਇਹ ਸ਼ਾਨਦਾਰ ਸੀ। ਉਸ ਦੇ ਰਵੱਈਏ ਵਿੱਚ ਕੀ ਗ਼ਲਤ ਸੀ? ਬੇਸ਼ੱਕ ਤੁਸੀਂ ਸਵਾਲ ਚੁੱਕ ਸਕਦੇ ਹੋ, ਪਰ ਜਿੱਥੋਂ ਤਕ ਸਾਡਾ ਸਵਾਲ ਹੈ ਉਹ ਇੱਕ ਜੈਂਟਲਮੈਨ ਹੈ। ਸ਼ਾਸਤਰੀ ਨੇ ਹਾਲਾਂਕਿ ਸਵੀਕਾਰ ਕੀਤਾ ਕਿ ਓਪਨਿੰਗ ਟੀਮ ਲਈ ਇੱਕ ਚਿੰਤਾ ਦਾ ਮੁੱਦਾ ਹੈ ਕਿਉਂਕਿ ਲੋਕੇਸ਼ ਰਾਹੁਲ ਅਤੇ ਮੁਰਲੀ ਵਿਜੇ ਦੋ ਟੈੱਸਟਾਂ ਦੀਆਂ ਲਗਾਤਾਰ ਚਾਰ ਪਾਰੀਆਂ ਵਿੱਚ ਅਸਫ਼ਲ ਰਹੇ ਹਨ।
ਸ਼ਾਸਤਰੀ ਨੇ ਕਿਹਾ, ”ਸਾਫ਼ ਗੱਲ ਹੈ ਕਿ ਚੋਟੀ ਕ੍ਰਮ ਦੀ ਸਮੱਸਿਆ ਇੱਕ ਵੱਡੀ ਚਿੰਤਾ ਹੈ। ਚੋਟੀ ਕ੍ਰਮ ਨੂੰ ਜ਼ਿੰਮੇਵਾਰੀ ਲੈਣੀ ਹੋਵੇਗੀ। ਮੈਨੂੰ ਯਕੀਨ ਹੈ ਕਿ ਉਨ੍ਹਾਂ ਕੋਲ ਤਜਰਬਾ ਹੈ ਅਤੇ ਉਹ ਯੋਗਦਾਨ ਦੇਣਗੇ। ਕੋਚ ਨੇ ਹਾਲਾਂਕਿ ਸੰਕੇਤ ਦਿੱਤੇ ਕਿ ਟੀਮ ਪ੍ਰਬੰਧਕਾਂ ਨੇ ਬਦਲ ਦੇ ਰੂਪ ਵਿੱਚ ਮਯੰਕ ਅਗਰਵਾਲ ਦਾ ਨਾਂ ਚੁੱਣ ਲਿਆ ਹੈ। ਮਯੰਕ ਇੱਕ ਨੌਜਵਾਨ ਖਿਡਾਰੀ ਹੈ। ਉਸ ਨੇ ਭਾਰਤ-ਏ ਲਈ ਕਾਫ਼ੀ ਦੌੜਾਂ ਬਣਾਈਆਂ ਹਨ। ਜੇਕਰ ਤੁਸੀਂ ਘਰੇਲੂ ਰਿਕਾਰਡ ਦੇਖੋ ਤਾਂ ਉਹ ਕਿਸੇ ਵੀ ਹੋਰ ਖਿਡਾਰੀ ਜਿੰਨਾ ਚੰਗਾ ਹੈ। ਇਸ ਲਈ ਅਸੀਂ ਇਸ ਬਾਰੇ ਫ਼ੈਸਲਾ ਕਰ ਲਿਆ ਹੈ ਕਿ ਉਹ ਖੇਡੇਗਾ।
ਇਹ ਪੁੱਛਣ ‘ਤੇ ਕਿ ਭਾਰਤ ਨੇ ਪਰਥ ਵਿੱਚ ਹਾਰ ਦੇ ਨਾਲ ਲੈਅ ਗੁਆ ਦਿੱਤੀ, ਸ਼ਾਸਤਰੀ ਨੇ ਕਿਹਾ ਕਿ ਸੀਰੀਜ਼ 1-1 ਨਾਲ ਬਰਾਬਰ ਹੋਣ ਦੇ ਬਾਵਜੂਦ ਭਾਰਤ ਚੰਗੀ ਸਥਿਤੀ ਵਿੱਚ ਹੈ ਅਤੇ ਅਜਿਹਾ ਮੌਕਾ ਉਸ ਨੂੰ ਦੱਖਣੀ ਅਫ਼ਰੀਕਾ ਜਾਂ ਇੰਗਲੈਂਡ ਵਿੱਚ ਨਹੀਂ ਸੀ ਮਿਲਿਆ।