ਨਵੀਂ ਦਿੱਲੀ— ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਸੌਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਕ੍ਰਿਸ਼ਚੀਅਨ ਜੇਮਸ ਮਿਸ਼ੇਲ ਦੀ ਇਕ ਚਿੱਠੀ ਸਾਹਮਣੇ ਆਈ ਹੈ, ਜੋ ਕਈ ਤਰ੍ਹਾਂ ਦੇ ਖੁਲਾਸੇ ਕਰਦੀ ਹੈ। ਇਹ ਚਿੱਠੀ ਫਿਨਮੇਕੈਨਿਕਾ ਕੰਪਨੀ ਦੇ ਸੀ.ਈ.ਓ. ਜੁਗੇਪੀ ਓਰਸੀ ਨੂੰ ਲਿਖੀ ਗਈ ਸੀ, ਜਿਸ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਸੱਤਾਧਾਰੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ‘ਤੇ ਦਬਾਅ ਬਣਾਇਆ ਸੀ। ਇਸ ‘ਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਡੀਲ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਮਿਸ਼ੇਲ ਨੂੰ ਸੰਬੰਧਤ ਮੰਤਰਾਲਿਆਂ ਤੋਂ ਮਿਲ ਰਹੀਆਂ ਸਨ। 28 ਅਗਸਤ 2009 ਨੂੰ ਲਿਖੀ ਗਈ ਇਸ ਚਿੱਠੀ ਅਨੁਸਾਰ ਮਿਸ਼ੇਲ ਨੂੰ ਅਗਸਤਾ ਵੈਸਟਲੈਂਡ ਡੀਲ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਪ੍ਰਧਾਨ ਮੰਤਰੀ ਦਫ਼ਤਰ, ਰੱਖਿਆ ਮੰਤਰਾਲੇ ਸਮੇਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਤੋਂ ਮਿਲ ਰਹੀਆਂ ਸਨ। ਇੰਨਾ ਹੀ ਨਹੀਂ ਉਸ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੀ ਮੁਲਾਕਾਤ ਬਾਰੇ ਵੀ ਪਤਾ ਸੀ।
ਜੁਗੇਪੀ ਓਰਸੀ ਨੂੰ ਲਿਖੀ ਚਿੱਠੀ ‘ਚ ਮਿਸ਼ੇਲ ਨੇ ਦਾਅਵਾ ਕੀਤਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਜੋ ਬੈਠਕ ਹੋਣ ਵਾਲੀ ਹੈ, ਉਸ ਬਾਰੇ ਉਸ ਨੂੰ ਜਾਣਕਾਰੀ ਹੈ। ਇਸ ਮਸਲੇ ‘ਤੇ ਪ੍ਰਧਾਨ ਮੰਤਰੀ, ਜੁਆਇੰਟ ਸੈਕ੍ਰੇਟਰੀ ਅਤੇ ਡਿਫੈਂਸ ਸੈਕ੍ਰੇਟਰੀ ਦੇ ਵਿਚ ਜੋ ਗੱਲ ਚੱਲ ਰਹੀ ਹੈ, ਉਹ ਉਸ ਨੂੰ ਵੀ ਪਤਾ ਹੈ। ਇੰਨਾ ਹੀ ਨਹੀਂ ਸਾਬਕਾ ਰੱਖਿਆ ਮੰਤਰੀ ਉਨ੍ਹਾਂ ਦੀ ਡੀਲ ਦੇ ਪੱਖ ‘ਚ ਹਨ। ਜ਼ਿਕਰਯੋਗ ਹੈ ਕਿ ਲੰਬੀਆਂ ਕੋਸ਼ਿਸ਼ਾਂ ਤੋਂ ਬਾਅਦ ਇਸ ਡੀਲ ਦੇ ਬਿਚੌਲੀਏ ਕ੍ਰਿਸ਼ਚੀਅਨ ਮਿਸ਼ੇਲ ਨੂੰ ਯੂ.ਏ.ਈ. ਤੋਂ ਭਾਰਤ ਲਿਆਂਦਾ ਗਿਆ ਸੀ। ਮਿਸ਼ੇਲ ਨੂੰ ਰਾਜਧਾਨੀ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ ਗਿਆ ਸੀ, ਉਦੋਂ ਤੋਂ ਉਹ ਸੀ.ਬੀ.ਆਈ. ਦੀ ਕਸਟਡੀ ‘ਚ ਹੈ। ਜ਼ਿਕਰਯੋਗ ਹੈ ਕਿ 2012 ‘ਚ ਬਿਚੌਲੀਏ ਕ੍ਰਿਸ਼ਚੀਅਨ ਮਿਸ਼ੇਲ ਦਾ ਨਾਂ ਅਗਸਤਾ ਵੈਸਟਲੈਂਡ ਦੇ ਪੱਖ ‘ਚ ਸੌਦਾ ਕਰਵਾਉਣ ਅਤੇ ਭਾਰਤੀ ਅਧਿਕਾਰੀਆਂ ਨੂੰ ਗਲਤ ਤਰੀਕੇ ਨਾਲ ਲਾਭ ਪਹੁੰਚਾਉਣ ਵਾਲੇ 3 ਬਿਚੌਲਿਆਂ ‘ਚੋਂ ਇਕ ਦੇ ਰੂਪ ‘ਚ ਸਾਹਮਣੇ ਆਇਆ ਸੀ। ਹੋਰ 2 ਬਿਚੌਲਿਆਂ ਦੇ ਨਾਂ ਰਾਲਫ ਗਿਡੋ ਹੈਸਕੇ ਅਤੇ ਕਾਰਲੋ ਗੇਰੋਸਾ ਹੈ। ਇਹ ਪੂਰਾ ਸੌਦਾ ਕਰੀਬ 3600 ਕਰੋੜ ਰੁਪਏ ਦਾ ਸੀ।