ਮੇਘਾਲਿਆ— ਮੇਘਾਲਿਆ ਦੇ ਪੂਰਬੀ ਜਯਤਿਆ ਹਿੱਲਜ਼ ‘ਚ ਸਥਿਤ ਇਕ ਕੋਲਾ ਖਾਨ ਵਿਚ ਬੀਤੀ 13 ਦਸੰਬਰ ਤੋਂ ਫਸੇ ਮਜ਼ਦੂਰਾਂ ਨੂੰ ਬਚਾਉਣ ਦੀ ਬਚਾਅ ਮੁਹਿੰਮ ਦਾ ਕੰਮ ਜਾਰੀ ਹੈ। ਮਜ਼ਦੂਰਾਂ ਨੂੰ ਬਚਾਉਣ ਦੇ ਕੰਮ ‘ਚ ਲੱਗੇ ਬਚਾਅ ਅਧਿਕਾਰੀਆਂ ਲਈ ਇਹ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਬਚਾਅ ਮੁਹਿੰਮ ਵਿਚ ਜੁਟੀ ਟੀਮ ਨੂੰ ਖਾਨ ‘ਚੋਂ 3 ਹੈਲਮਟ ਮਿਲੇ ਹਨ। ਬਚਾਅ ਮੁਹਿੰਮ ਵਿਚ ਭਾਰਤੀ ਜਲ ਸੈਨਾ ਵੀ ਸ਼ਾਮਲ ਹੈ। ਇੱਥੇ ਦੱਸ ਦਈਏ ਕਿ 13 ਦਸੰਬਰ ਦੀ ਸਵੇਰ ਨੂੰ ਜਯਤਿਆ ਹਿੱਲਜ਼ ਜ਼ਿਲੇ ਦੀ ਕੋਲਾ ਖਾਨ ਅੰਦਰ ਉਸ ਸਮੇਂ 15 ਮਜ਼ਦੂਰ ਫਸ ਗਏ, ਜਦੋਂ ਉੱਥੇ ਅਚਾਨਕ ਪਾਣੀ ਭਰ ਗਿਆ। ਲਗਾਤਾਰ ਪਾਣੀ ਭਰਨ ਕਾਰਨ ਖਾਨ ਅੰਦਰ ਫਸੇ ਮਜ਼ਦੂਰਾਂ ਦੀ ਮਦਦ ਲਈ ਬਚਾਅ ਦਲ ਉਨ੍ਹਾਂ ਤੱਕ ਨਹੀਂ ਪਹੁੰਚ ਪਾ ਰਿਹਾ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਹਵਾਈ ਫੌਜ ਨੇ ਭੁਵਨੇਸ਼ਵਰ ਤੋਂ ਜਹਾਜ਼ ਜ਼ਰੀਏ 10 ਪੰਪ ਪਹੁੰਚਾਏ ਹਨ। ਗੋਤਾਖੋਰਾਂ ਨੇ ਕਈ ਵਾਰ ਸੁਰੰਗ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਮਜ਼ਦੂਰਾਂ ਨੂੰ ਬਚਾਉਣ ਦੇ ਕੰਮ ਵਿਚ ਆਂਧਰਾ ਪ੍ਰਦੇਸ਼ ਤੋਂ 15 ਮੈਂਬਰੀ ਗੋਤਾਖੋਰ ਟੀਮ ਪਹੁੰਚੀ ਹੈ। ਯੰਤਰਾਂ ਵਿਚ ਹਾਈ ਪਾਵਰ ਪੰਪ, ਹਾਈਟੈੱਕ ਯੰਤਰ ਅਤੇ ਤਲਾਸ਼ੀ ਤੇ ਬਚਾਅ ਮੁਹਿੰਮ ਵਿਚ ਸਥਾਨਕ ਪ੍ਰਸ਼ਾਸਨ ਲਈ ਮਦਦਗਾਰ ਕਈ ਗੈਜੇਟ ਸ਼ਾਮਲ ਹਨ।