ਨਵੀਂ ਦਿੱਲੀ-ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ‘ਤੇ ਨਿਸ਼ਾਨਾ ਵਿੰਨਿਆ ਹੈ। ਉਨ੍ਹਾਂ ਨੇ ਦੋਵਾਂ ਪਾਰਟੀਆਂ ਦਾ ਮੁੱਢਲਾ ਚਰਿੱਤਰ ਇਕੋ ਜਿਹਾ ਹੋਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਪਾਰਟੀਆਂ ਦੀ ਰਾਜਨੀਤੀ ਤੋਂ ਨਿਰਾਸ਼ਾ ਜਨਤਾ ਹਰ ਵਾਰ ਚੋਣਾਂ ‘ਚ ਸਿਰਫ ਸੱਤਾਧਾਰੀ ਪਾਰਟੀ ਨੂੰ ਹਰਾਉਣ ਦੇ ਲਈ ਵੋਟ ਦੇਣ ਨੂੰ ਮਜ਼ਬੂਰ ਹੈ। ਇਸ ਲਈ ਹਾਲ ਹੀ ‘ਚ ਹੋਏ 3 ਸੂਬਿਆਂ ਦੀਆਂ ਚੋਣਾਂ ‘ਚ ਜਨਤਾ ਨੇ ਭਾਜਪਾ ਨੂੰ ਹਰਾਇਆ ਹੈ, ਸਹੀ ਮਾਇਨੇ ‘ਚ ਇਹ ਕਾਂਗਰਸ ਦੀ ਵੀ ਜਿੱਤ ਨਹੀਂ ਹੈ।
ਕੇਜਰੀਵਾਲ ਨੇ ਸ਼ਨੀਵਾਰ ਨੂੰ ਆਪ ਦੀ ਸਰਵ ਉੱਚ ਨੀਤੀ ਨਿਰਮਾਤਾ ‘ਰਾਸ਼ਟਰੀ ਪਰਿਸ਼ਦ’ ਦੀ ਮੀਟਿੰਗ ‘ਚ ਇਕੱਠੇ ਹੋਏ ਵੱਖ-ਵੱਖ ਸੂਬਿਆਂ ਦੇ ਪਾਰਟੀ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਪਿਛਲੇ 70 ਸਾਲਾਂ ‘ਚ ਦੇਸ਼ ਨਾ ਉਮੀਦ ਹੋ ਚੁੱੱਕਿਆ ਸੀ, ਕਿਉਂਕਿ ਦੇਸ਼ ਦੀ ਰਾਜਨੀਤੀ ਇਹੋ ਜਿਹੀ ਹੋ ਚੁੱਕੀ ਸੀ ਕਿ ਹਰ ਪੰਜ ਸਾਲਾਂ ‘ਚ ਜਨਤਾ ਸਰਕਾਰਾਂ ਬਦਲਣ ਤੋਂ ਮਜ਼ਬੂਰ ਹੋ ਗਈ ਹੈ। ਹੁਣ ਵੀ ਜੋ 3 ਸੂਬਿਆਂ ‘ਚ ਚੋਣਾਂ ਦੇ ਨਤੀਜੇ ਆਏ ਹਨ, ਉਨ੍ਹਾਂ ਦੇ ਨਤੀਜੇ ਦਿਖਾਉਂਦੇ ਹਨ ਕਿ ਕਾਂਗਰਸ ਜਿੱਤੀ ਨਹੀਂ ਸਗੋਂ ਭਾਜਪਾ ਦੀ ਹਾਰ ਹੋਈ ਹੈ।
ਮੁੱਖ ਮੰਤਰੀ ਨੇ ਦਿੱਲੀ ਸਰਕਾਰ ਦੇ 4 ਸਾਲ ਦੇ ਕੰਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਅਸੀਂ ਜਨਤਾ ਦੀਆਂ ਉਮੀਦਾਂ ਤੇ ਖਰੇ ਉਤਰੇ ਹਾਂ, ਜਿਸ ਦੀ ਬਦੌਲਤ ਹੀ ਸੱਤਾ ਵਿਰੋਧੀ ਲਹਿਰ ਦੀ ਧਾਰਨਾ ‘ਪ੍ਰੋ ਇਨਕੌਮੈਂਸੀ’ ‘ਚ ਤਬਦੀਲ ਹੋ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦਿੱਲੀ ‘ਚ ਸੱਤਾ ਦੀ ਵਰਤੋਂ ਕਰਕੇ ਆਪ ਨੇ ਲੋਕਾਂ ਦਾ ਇਹ ਵਿਸ਼ਵਾਸ਼ ਜਿੱਤਿਆ ਹੈ। ਇਸ ਦੌਰਾਨ ਕੇਜਰੀਵਾਲ ਨੇ ਦਿੱਲੀ ਸਰਕਾਰ ਦੇ ਕੰਮਾਂ ‘ਚ ਕੇਂਦਰ ਸਰਕਾਰ ਦੁਆਰਾ ਹਰ ਸੰਭਵ ਰੁਕਾਵਟਾਂ ਪੈਦਾ ਕਰਨ ਅਤੇ ਕੇਂਦਰੀ ਜਾਂਚ ਏਜੰਸੀਆਂ ਤੋਂ ਆਪ ਨੇਤਾਵਾਂ ਨੂੰ ਅਪਮਾਨਿਤ ਕਰਵਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਦਿੱਲੀ ਸਰਕਾਰ ਦੀ 400 ਫਾਇਲਾਂ ਦੀ ਜਾਂਚ ਕਰਵਾ ਲਈ ਪਰ ਕੁਝ ਨਹੀਂ ਮਿਲਿਆ ਹੈ। ਮੇਰਾ ਵਿਸ਼ਵਾਸ ਹੈ,”ਅੱਜ ਸਾਨੂੰ ਇਮਾਨਦਾਰੀ ਦਾ ਸਰਟੀਫਿਕੇਟ ਮੋਦੀ ਜੀ ਨੇ ਦਿੱਤਾ ਹੈ।”
ਮੁੱਖ ਮੰਤਰੀ ਨੇ ਮੋਦੀ ਸਰਕਾਰ ਨੂੰ ਰਾਫੇਲ ਸਮੇਤ ਹੋਰ ਮਾਮਲਿਆਂ ਦੀ ਸਿਰਫ ਚਾਰ ਫਾਇਲਾਂ ਦਿਖਾਉਣ ਦੀ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਤੁਸੀਂ ਦਿੱਲੀ ਸਰਕਾਰ ਦੀ 400 ਫਾਇਲਾਂ ਦੇਖ ਲਈਆ ਤਾਂ ਹੁਣ ਆਪਣੀਆਂ ਵੀ 4 ਫਾਇਲਾਂ ਦਿਖਾ ਦੇਵੇ। ਉਨ੍ਹਾਂ ਨੇ ਭਾਜਪਾ ਅਤੇ ਕਾਂਗਰਸ ਨੂੰ ਇਕ ਹੀ ਸਿੱਕੇ ਦੇ ਦੋ ਪਹਿਲੂ ਦੱਸਦੇ ਹੋਏ ਕਿਹਾ ਹੈ ਕਿ ਸਾਡੇ ਖਿਲਾਫ ਜਦੋਂ ਵੀ ਪੁਲਸ ਦਾ ਛਾਪਾ ਪੈਂਦਾ ਹੈ ਤਾਂ ਸਭ ਤੋਂ ਪਹਿਲਾਂ ਕਾਂਗਰਸੀ ਜਸ਼ਨ ਮਨਾਉਂਦੇ ਹਨ। ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦੀ ਤਿਆਰੀਆਂ ਨੂੰ ਲੈ ਕੇ ਆਪ ਦੀ ਰਾਸ਼ਟਰੀ ਕਾਰਜਕਾਰੀ ਦੀ ਬੈਠਕ ‘ਚ ਸ਼ੁੱਕਰਵਾਰ ਨੂੰ ਕੀਤੇ ਗਏ ਫੈਸਲਿਆਂ ‘ਤੇ ਰਾਸ਼ਟਰੀ ਪਰਿਸ਼ਦ ਦੀ ਇਸ ਬੈਠਕ ‘ਚ ਵਿਚਾਰ ਮੰਥਨ ਦਾ ਦੌਰ ਜਾਰੀ ਹੈ।