ਜਲੰਧਰ— ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਇਕ ਵਾਰ ਫਿਰ ਤੋਂ ਮੁਸੀਬਤ ‘ਚ ਫਸ ਗਏ ਹਨ। ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਰੋਡਵੇਜ਼ ਬੱਸ ‘ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ। ਦੱਸਣਯੋਗ ਹੈ ਕਿ ਮਲੋਟ ਤੋਂ ਚੰਡੀਗੜ੍ਹ ਜਾਣ ਵਾਲੀ ਰਾਜਾ ਵੜਿੰਗ ਦੀ ਇਹ ਬੱਸ ਦੋ ਸੂਬਿਆਂ ‘ਚ ਬਗੈਰ ਪਰਮਿਟ ਦੇ ਹੀ ਗੇੜੇ ਲਗਾ ਰਹੀ ਹੈ, ਜਿਸ ਕਾਰਨ ਵਿਵਾਦਾਂ ‘ਚ ਘਿਰ ਗਈ ਹੈ। ਦਰਅਸਲ ਇਸ ਬੱਸ ਦੇ ਰੂਟ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਕਰਤਾ ਦਾ ਕਹਿਣਾ ਹੈ ਕਿ ਦੋ ਸੂਬਿਆਂ ‘ਚ ਚੱਲਣ ਵਾਲੀ ਬੱਸ ਨੂੰ ਪਰਮਿਟ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਜਦਕਿ ਇਸ ਬੱਸ ਦੇ ਰੂਟ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਨਹੀਂ ਲਈ ਗਈ।