ਲਖਨਊ— ਸਟਿੰਗ ਆਪਰੇਸ਼ਨ ‘ਚ ਕਥਿਤ ਤੌਰ ‘ਤੇ ਰਿਸ਼ਵਤ ਲੈਣ ਦੇ ਦੋਸ਼ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਦੇ ਤਿੰਨ ਮੰਤਰੀਆਂ ਦੇ ਨਿੱਜੀ ਸਕੱਤਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਿਛਲੇ ਦਿਨੀਂ ਇਕ ਨਿੱਜੀ ਚੈਨਲ ‘ਤੇ ਤਿੰਨ ਸਕੱਤਰੇਤ ਕਰਮਚਾਰੀਆਂ ਦੇ ਵਿਰੁੱਧ ਦਿਖਾਈ ਗਈ ਰਿਪੋਰਟ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਨਿਰਦੇਸ਼ ‘ਤੇ ਤਿੰਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਤਿੰਨੋਂ ਕਰਮਚਾਰੀ ਓਮ ਪ੍ਰਕਾਸ਼ ਕਸ਼ਯਪ, ਰਾਮ ਨਰੇਸ਼ ਤ੍ਰਿਪਾਠੀ ਅਤੇ ਸੰਤੋਸ਼ ਕੁਮਾਰ ਅਵਸਥੀ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਕੇ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਜੇਲ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਕ ਨਿੱਜੀ ਚੈਨਲ ਨੇ 26 ਦਸੰਬਰ ਨੂੰ ਪਿਛੜਾ ਵਰਗ ਕਲਿਆਣ ਮੰਤਰੀ ਓਮ ਪ੍ਰਕਾਸ਼ ਰਾਜਭਰ ਦੇ ਨਿੱਜੀ ਸਕੱਤਰ ਓਮ ਪ੍ਰਕਾਸ਼ ਕਸ਼ਯਪ, ਖਨਨ ਰਾਜ ਮੰਤਰੀ ਅਰਚਨਾ ਪਾਂਡੇ ਦੇ ਨਿੱਜੀ ਸਕੱਤਰ ਰਾਮ ਨਰੇਸ਼ ਤ੍ਰਿਪਾਠੀ ਅਤੇ ਬੇਸਿਕ ਸਿੱਖਿਆ ਰਾਜ ਮੰਤਰੀ ਸੰਦੀਪ ਸਿੰਘ ਦੇ ਨਿੱਜੀ ਸਕੱਤਰ ਸੰਤੋਸ਼ ਅਵਸਥੀ ਦਾ ਸਟਿੰਗ ਆਪਰੇਸ਼ਨ ਕੀਤਾ ਸੀ।
ਇਸ ‘ਚ ਇਨ੍ਹਾਂ ਕਰਮਚਾਰੀਆਂ ਨੂੰ ਕੰਮ ਕਰਵਾਉਣ ਦੇ ਬਦਲੇ ਰਿਸ਼ਵਤ ਮੰਗਦੇ ਦਿਖਾਇਆ ਗਿਆ ਸੀ। ਮੁੱਖ ਮੰਤਰੀ ਨੇ ਸਟਿੰਗ ਆਪਰੇਸ਼ਨ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਤੁਰੰਤ ਮੁਅੱਤਲ ਕਰਨ ਅਤੇ ਉਨ੍ਹਾਂ ਦੇ ਵਿਰੁੱਧ ਕਾਰਵਾਈ ਕਰ ਕੇ ਮੁਕੱਦਮਾ ਦਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਦੇ ਆਦੇਸ਼ ‘ਤੇ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਦਲ (ਐੱਸ.ਆਈ.ਟੀ.) ਵੀ ਗਠਿਤ ਕੀਤੀ ਗਈ ਸੀ। ਬੁਲਾਰੇ ਨੇ ਦੱਸਿਆ ਕਿ ਸਕੱਤਰੇਤ ਪ੍ਰਸ਼ਾਸਨ ਵਿਭਾਗ ਦੇ ਉੱਪ ਸਕੱਤਰ ਨੇ 28 ਦਸੰਬਰ ਨੂੰ ਲਖਨਊ ਦੀ ਹਜਰਤਗੰਜ ਕੋਤਵਾਲੀ ‘ਚ ਮੁਕੱਦਮਾ ਰਜਿਸਟਰਡ ਕਰਵਾਇਆ। ਮਾਮਲੇ ਦੀ ਜਾਂਚ ਲਈ ਉਸੇ ਦਿਨ ਲਖਨਊ ਜੋਨ ਦੇ ਉੱਚ ਪੁਲਸ ਡਾਇਰੈਕਟਰ ਜਨਰਲ ਰਾਜੀਵ ਕ੍ਰਿਸ਼ਨ ਦੀ ਪ੍ਰਧਾਨਗੀ ‘ਚ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ ਸੀ।