ਗਾਂਧੀਨਗਰ — ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਤਵਾਰ ਨੂੰ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਦੇ ਡਰ ਕਾਰਨ ਵਿਰੋਧੀ ਦਲ ਇਕਜੁਟ ਹੋ ਰਹੇ ਹਨ ਅਤੇ ਉਨ੍ਹਾਂ ਦੀ ਇਕਜੁਟਤਾ ਜ਼ਿਆਦਾ ਦਿਨ ਤਕ ਕਾਇਮ ਨਹੀਂ ਰਹੇਗੀ। ਖੱਟੜ 9ਵੇਂ ਬਾਈਬ੍ਰੇਂਟ ਗੁਜਰਾਤ ਗਲੋਬਲ ਸ਼ਿਖਰ ਸੰਮੇਲਨ ਦੇ ਤਹਿਤ ਹਰਿਆਣਾ ਸਰਕਾਰ ਵਲੋਂ ਨਿਵੇਸ਼ ਦੇ ਮੌਕਿਆਂ ‘ਤੇ ਆਯੋਜਿਤ ਇਕ ਸੈਮੀਨਾਰ ‘ਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ, ”ਇਹ ਏਕਤਾ ਜ਼ਿਆਦਾ ਦੇਰ ਤਕ ਟਿਕਣ ਵਾਲੀ ਨਹੀਂ ਹੈ। ਉਹ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਅਤੇ ਦੁਨੀਆ ਵਿਚ ਦੇਸ਼ ਦੇ ਵਧਦੇ ਸਨਮਾਨ ਤੋਂ ਡਰ ਕੇ ਇਕਜੁਟ ਹੋਏ ਹਨ। ਇਸ ਨਾਲ ਜਨਤਾ ‘ਤੇ ਕੋਈ ਫਰਕ ਨਹੀਂ ਪੈਣ ਵਾਲਾ।”
ਖੱਟੜ ਨੇ ਅੱਗੇ ਕਿਹਾ, ”ਵਿਰੋਧੀ ਦਲਾਂ ਨੇ ਦੇਸ਼ ਨੂੰ ਸਾਲਾਂ ਤਕ ਲੁੱਟਿਆ। ਉਹ ਇਸ ਲਈ ਇਕਜੁਟ ਹੋਏ ਹਨ, ਕਿਉਂਕ ਉਨ੍ਹਾਂ ਨੂੰ ਦੇਸ਼ ਨੂੰ ਲੁੱਟਣ ਦਾ ਮੌਕਾ ਨਹੀਂ ਮਿਲ ਰਿਹਾ ਹੈ।” ਸ਼ਨੀਵਾਰ ਨੂੰ ਕੋਲਕਾਤਾ ਦੇ ਬ੍ਰਿਗੇਡ ਮੈਦਾਨ ‘ਚ ਤ੍ਰਿਣਮੂਲ ਕਾਂਗਰਸ ਦੀ ਅਗਵਾਈ ‘ਚ ਆਯੋਜਿਤ ਵਿਰੋਧੀ ਦਲਾਂ ਦੀ ‘ਇਕਜੁਟ ਭਾਰਤ ਰੈਲੀ’ ਬਾਰੇ ਬੋਲਦਿਆਂ ਉਨ੍ਹਾਂ ਨੇ ਸਾਰੇ ਵਿਰੋਧੀ ਦਲਾਂ ਵਿਚਾਲੇ ਇਕ ਮੰਨਣਯੋਗ ਆਗੂ ਦੀ ਕਮੀ ਨੂੰ ਲੈ ਕੇ ਉਨ੍ਹਾਂ ਦਾ ਮਜ਼ਾਕ ਬਣਾਇਆ ਅਤੇ ਕਿਹਾ ਕਿ ਇਹ ਬਿਨਾਂ ਲਾੜੇ ਦੀ ਬਾਰਾਤ ਹੈ।