ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਨੇ ਸੀ. ਬੀ. ਆਈ. ਦੇ ਅੰਤਰਿਮ ਡਾਇਰੈਕਟਰ ਦੇ ਤੌਰ ‘ਤੇ ਐੱਮ. ਨਾਗੇਸ਼ਵਰ ਰਾਵ ਦੀ ਨਿਯੁਕਤੀ ਵਿਰੁੱਧ ਪਟੀਸ਼ਨ ਦੀ ਸੁਣਵਾਈ ਤੋਂ ਅੱਜ ਖੁਦ ਨੂੰ ਵੱਖ ਕਰ ਲਿਆ। ਭਾਰਤੀ ਪੁਲਸ ਸੇਵਾ ਦੇ ਸੀਨੀਅਰ ਪੁਲਸ ਅਧਿਕਾਰੀ ਰਾਵ ਦੀ ਨਿਯੁਕਤੀ ਵਿਰੁੱਧ ਪਟੀਸ਼ਨ ਦੀ ਸੁਣਵਾਈ ਜਿਵੇਂ ਹੀ ਚੀਫ ਜਸਟਿਸ ਦੀ ਪ੍ਰਧਾਨਗੀ ਵਾਲੀ ਬੈਂਚ ਦੇ ਸਾਹਮਣੇ ਸ਼ੁਰੂ ਹੋਈ ਤਾਂ ਜਸਟਿਸ ਗੋਗੋਈ ਨੇ ਖੁਦ ਨੂੰ ਵੱਖ ਕਰਨ ਦਾ ਐਲਾਨ ਕੀਤਾ।
ਜਸਟਿਸ ਗੋਗੋਈ ਨੇ ਕਿਹਾ ਕਿ ਉਹ ਸੀ. ਬੀ. ਆਈ. ਦੇ ਡਾਇਰੈਕਟਰ ਦੀ ਨਿਯੁਕਤੀ ਸਬੰਧੀ ਚੋਣ ਕਮੇਟੀ ਦੇ ਮੈਂਬਰ ਹਨ, ਇਸ ਲਈ ਉਹ ਖੁਦ ਨੂੰ ਇਸ ਮਾਮਲੇ ਤੋਂ ਵੱਖ ਕਰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਸਬੰਧਤ ਪਟੀਸ਼ਨ ਦੀ ਸੁਣਵਾਈ 24 ਜਨਵਰੀ ਨੂੰ ਨਵੀਂ ਬੈਂਚ ਕਰੇਗੀ। ਜ਼ਿਕਰਯੋਗ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਕੇਂਦਰ ਸਰਕਾਰ ਵਲੋਂ ਸੀ. ਬੀ. ਆਈ. ਦੇ ਡਾਇਰੈਕਟਰ ਆਲੋਕ ਵਰਮਾ ਨੂੰ ਅਹੁਦੇ ਤੋਂ ਹਟਾ ਦਿੱਤੇ ਜਾਣ ਮਗਰੋਂ ਨਾਗੇਸ਼ਵਰ ਰਾਵ ਨੂੰ ਨਵੇਂ ਡਾਇਰੈਕਟਰ ਦੀ ਨਿਯੁਕਤੀ ਹੋਣ ਤਕ ਐਡੀਸ਼ਨਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ।