ਪਿਛਲੇ ਕੁੱਝ ਸਮੇਂ ਤੋਂ ਬੌਲੀਵੁਡ ‘ਚ ਬਾਇਓਪਿਕਸ ਬਣਾਉਣ ਦਾ ਚੰਗਾ ਰੁਝਾਨ ਚੱਲ ਰਿਹਾ ਹੈ। ਹੁਣ ਤਕ ਰਾਜਨੀਤੀ, ਖੇਡਾਂ, ਸਾਹਿਤਕ, ਫ਼ਿਲਮੀ ਅਤੇ ਹੋਰਨਾਂ ਕਈ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਬਾਰੇ ਫ਼ਿਲਮਾਂ ਬਣ ਚੁੱਕੀਆਂ ਹਨ ਅਤੇ ਕਈ ਬਣ ਰਹੀਆਂ ਹਨ। ਪਿਛਲੇ ਸਾਲ ਅਦਾਕਾਰ ਸੰਜੇ ਦੱਤ ਦੀ ਬਾਇਓਪਿਕ ਸੰਜੂ ਰਿਲੀਜ਼ ਹੋਈ ਸੀ ਜਿਸ ਨੇ ਕਈ ਰਿਕਾਰਡ ਕਾਇਮ ਕੀਤੇ। ਬੀਤੇ ਵਰ੍ਹੇ ਦੇ ਸ਼ੁਰੂ ਵਿੱਚ ਮਰਹੂਮ ਅਦਾਕਾਰਾ ਸ਼੍ਰੀਦੇਵੀ ਵੀ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਸੀ। ਉਸ ਦਾ ਪਤੀ ਬੋਨੀ ਕਪੂਰ ਅਜੇ ਵੀ ਸ਼੍ਰੀਦੇਵੀ ਦੀ ਮੌਤ ਦੇ ਸਦਮੇ ਤੋਂ ਪੂਰੀ ਤਰ੍ਹਾਂ ਨਹੀਂ ਉਭਰ ਸਕਿਆ ਹੈ।
ਦੂਜੇ ਪਾਸੇ, ਸ਼੍ਰੀਦੇਵੀ ਦੀ ਜੀਵਨ-ਗਾਥਾ ਨੂੰ ਪਰਦੇ ‘ਤੇ ਵਿਖਾਉਣ ਲਈ ਕਈ ਡਾਇਰੈਕਟਰ ਉਤਸੁਕ ਹਨ। ਬੌਲੀਵੁਡ ਦੇ ਕਈ ਨਾਮੀ ਫ਼ਿਲਮਸਾਜ਼ ਸ਼੍ਰੀਦੇਵੀ ‘ਤੇ ਫ਼ਿਲਮ ਬਣਾਉਣ ਲਈ ਉਤਾਵਲੇ ਹਨ। ਹਰ ਕਿਸੇ ਕੋਲ ਇਸ ਬਾਇਓਪਿਕ ਦੀ ਇੱਕ ਸਟੋਰੀ-ਲਾਈਨ ਵੀ ਹੈ। ਫ਼ਿਲਮਸਾਜ਼ ਬੋਨੀ ਕਪੂਰ ਵੀ ਆਪਣੀ ਪਤਨੀ ਸ਼੍ਰੀਦੇਵੀ ਦੀ ਜ਼ਿੰਦਗੀ ‘ਤੇ ਫ਼ਿਲਮ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਸੂਤਰਾਂ ਅਨੁਸਾਰ, ਬੋਨੀ ਨਹੀਂ ਚਾਹੁੰਦਾ ਕਿ ਉਸ ਤੋਂ ਇਲਾਵਾ, ਸ਼੍ਰੀਦੇਵੀ ‘ਤੇ ਕੋਈ ਹੋਰ ਫ਼ਿਲਮਸਾਜ਼ ਫ਼ਿਲਮ ਬਣਾਏ। ਇਸ ਲਈ ਬੋਨੀ ਕਪੂਰ ਜਲਦੀ ਹੀ ਸ਼੍ਰੀਦੇਵੀ ਦੀ ਕਹਾਣੀ ਨੂੰ ਰੈਜਿਸਟਰਡ ਕਰਵਾਉਣਾ ਚਾਹੁੰਦਾ ਹੈ ਤਾਂ ਜੋ ਉਹ ਆਪਣੀ ਪਤਨੀ ਦੀ ਬਾਇਓਪਿਕ ਨੂੰ ਉਸੇ ਤਰ੍ਹਾਂ ਬਣਾ ਸਕੇ ਜਿਸ ਢੰਗ ਨਾਲ ਉਹ ਵਿਖਾਉਣਾ ਚਾਹੁੰਦਾ ਹੈ।
ਇਸ ਤੋਂ ਇਲਾਵਾ ਸ਼੍ਰੀਦੇਵੀ ਦੀ ਜੀਵਨੀ ਉੱਪਰ ਕਿਤਾਬ ਲਿਖਣ ਵਾਲਿਆਂ ਦੀ ਵੀ ਲੰਬੀ ਸੂਚੀ ਹੈ। ਬਹੁਤ ਸਾਰੇ ਪੱਤਰਕਾਰ ਅਤੇ ਲੇਖਕ ਉਸ ਬਾਰੇ ਕਿਤਾਬ ਲਿਖਣ ਲਈ ਬੋਨੀ ਨਾਲ ਸੰਪਰਕ ਕਰ ਚੁੱਕੇ ਹਨ। ਬੋਨੀ ਛੇਤੀ ਹੀ ਉਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਇਸ ਕਿਤਾਬ ਲਿਖਣ ਦਾ ਹੱਕ ਦੇ ਸਕਦਾ ਹੈ। ਇਸ ਫ਼ਿਲਮ ਵਿੱਚ ਕਿਹੜੀ ਅਭਿਨੇਤਰੀ ਸ਼੍ਰੀਦੇਵੀ ਦਾ ਕਿਰਦਾਰ ਨਿਭਾਏਗੀ, ਇਸ ਬਾਰੇ ਹਾਲੇ ਤਕ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ। ਵੈਸੇ ਐਨ ਟੀ ਆਰ ਦੀ ਬਾਇਓਪਿਕ ਕਥਾਨਾਇਕੁਡੂ ‘ਚ ਸ਼੍ਰੀਦੇਵੀ ਦਾ ਕੈਮਿਓ ਰੋਲ ਰਕੁਲ ਪ੍ਰੀਤ ਸਿੰਘ ਨੇ ਨਿਭਾਇਆ ਹੈ।