ਮੁੰਬਈ— ਸ਼ਿਵ ਸੈਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਪ੍ਰਿਯੰਕਾ ਗਾਂਧੀ ਨੇ ਆਪਣੇ ਪੱਤੇ ਸਹੀ ਤਰੀਕੇ ਨਾਲ ਖੇਡੇ ਤਾਂ ਉਹ ‘ਰਾਣੀ’ ਬਣ ਕੇ ਉਭਰੇਗੀ ਅਤੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕਰ ਕੇ ਰਾਹੁਲ ਗਾਂਧੀ ਨੇ ਦਿਖਾ ਦਿੱਤਾ ਕਿ ਆਉਣ ਵਾਲੀਆਂ ਆਮ ਚੋਣਾਂ ‘ਚ ਜਿੱਤ ਹਾਸਲ ਕਰਨ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਹਨ। ਪਾਰਟੀ ਦੇ ਅਖਬਾਰ ‘ਸਾਮਨਾ’ ‘ਚ ਇਕ ਲੇਖ ‘ਚ ਇਹ ਗੱਲਾਂ ਕਹੀਆਂ ਗਈਆਂ ਹਨ। ਭਾਜਪਾ ਦੀ ਗਠਜੋੜ ਸਾਂਝੀਦਾਰ ਸ਼ਿਵ ਸੈਨਾ ਨੇ ਇਹ ਵੀ ਕਿਹਾ ਕਿ ਸੱਤਾਧਾਰੀ ਦਲ ਦੇ ਨੇਤਾਵਾਂ (ਭਾਜਪਾ ਨੇਤਾਵਾਂ) ਦੇ ਇਸ ਬਿਆਨ ਦਾ ਕੋਈ ਮਤਲਬ ਨਹੀਂ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਕਾਮ ਹੋਣ ਕਾਰਨ ਪ੍ਰਿਯੰਕਾ ਨੂੰ ਪਾਰਟੀ ‘ਚ ਸ਼ਾਮਲ ਕੀਤਾ ਗਿਆ ਹੈ। ਪਾਰਟੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਰਾਫੇਲ ਲੜਾਕੂ ਜਹਾਜ਼ ਖਰੀਦ ਦੇ ਮੁੱਦੇ ‘ਤੇ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਸਨ। ਸ਼ਿਵ ਸੈਨਾ ਅਨੁਸਾਰ ਰਾਹੁਲ ਗਾਂਧੀ ਦੇ ਮੋਦੀ ਸਰਕਾਰ ‘ਤੇ ਰਾਫੇਲ ਸੌਦੇ ਨੂੰ ਲੈ ਕੇ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਨਜ਼ਰਅੰਦਾਜ ਵੀ ਕਰ ਦੇਈਏ ਤਾਂ ਵੀ ਹਾਲ ਹੀ ‘ਚ ਤਿੰਨ ਰਾਜਾਂ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਜਿੱਤ ਦਾ ਸਿਹਰਾ ਉਨ੍ਹਾਂ ਨੂੰ ਨਹੀਂ ਦਿੱਤਾ ਜਾਣਾ ਛੋਟੀ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਪ੍ਰਿਯੰਕਾ ਦੇ ਆਉਣ ਨਾਲ ਕੁਝ ਲੋਕਾਂ ਦੇ ਪੇਟ ‘ਚ ਹੋ ਰਿਹਾ ਦਰਦ
ਲੇਖ ‘ਚ ਕਿਹਾ ਗਿਆ ਕਿ ਗਾਂਧੀ ਨੇ ਉੱਤਰ ਪ੍ਰਦੇਸ਼ ‘ਚ ਸਾਰੀਆਂ ਸੀਟਾਂ ‘ਤੇ ਇਕੱਲੇ ਚੋਣਾਂ ਲੜਨ ਦਾ ਐਲਾਨ ਕਰ ਕੇ ਅਤੇ ਸਪਾ-ਬਸਪਾ ਨੂੰ ਹਰਸੰਭਵ ਮਦਦ ਦੇਣ ਅਤੇ ਉਸੇ ਸਮੇਂ ਪ੍ਰਿਯੰਕਾ ਨੂੰ ਸਿਆਸਤ ‘ਚ ਲਿਆਉਣ ਦਾ ਫੈਸਲਾ ਕਰ ਕੇ ਆਪਣੇ ਪੱਤੇ ਸਹੀ ਤਰੀਕੇ ਨਾਲ ਖੇਡੇ। ਲੇਖ ਅਨੁਸਾਰ,”ਇਸ ਨਾਲ ਕਾਂਗਰਸ ਨੂੰ ਮਦਦ ਮਿਲੇਗੀ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨੂੰ ਪ੍ਰਿਯੰਕਾ ਦੇ ਸਿਆਸਤ ‘ਚ ਆਉਣ ‘ਤੇ ਬੋਲਣਾ ਪਿਆ। ਲੋਕਾਂ ਨੇ ਪਰਿਵਾਰ ਨੂੰ ਸਵੀਕਾਰ ਕਰ ਲਿਆ ਹੈ ਤਾਂ ਕੁਝ ਲੋਕਾਂ ਦੇ ਪੇਟ ‘ਚ ਦਰਦ ਕਿਉਂ ਹੋ ਰਿਹਾ ਹੈ?”
ਦਾਦੀ ਦੀ ਤਰ੍ਹਾਂ ‘ਰਾਣੀ’ ਬਣ ਕੇ ਉਭਰੇਗੀ ਪ੍ਰਿਯੰਕਾ
ਸ਼ਿਵ ਸੈਨਾ ਨੇ ਕਿਹਾ ਕਿ ਪ੍ਰਿਯੰਕਾ ਦੀ ਸ਼ਕਲ ਅਤੇ ਗੱਲਬਾਤ ਦੇ ਤਰੀਕੇ ‘ਚ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਦੀ ਝਲਕ ਦਿੱਸਦੀ ਹੈ। ਲਿਹਾਜਾ ਕਾਂਗਰਸ ਨੂੰ ਯਕੀਨੀ ਹੀ ਆਮ ਚੋਣਾਂ ਦੌਰਾਨ ਹਿੰਦੀ ਪੱਟੀ ਦੇ ਰਾਜਾਂ ‘ਚ ਇਸ ਦਾ ਫਾਇਦਾ ਹੋਵੇਗਾ। ਉਸ ਨੇ ਪਤੀ ਰਾਬਰਟ ਵਡੇਰਾ ਦੇ ਖਿਲਾਫ ਚੱਲ ਰਹੇ ਮਾਮਲਿਆਂ ਦੀ ਚਿੰਤਾ ਕੀਤੇ ਬਿਨਾਂ ਪ੍ਰਿਯੰਕਾ ਦੇ ਸਰਗਰਮ ਸਿਆਸਤ ‘ਚ ਆਉਣ ਦੀ ਸ਼ਲਾਘਾ ਕੀਤੀ। ਪਾਰਟੀ ਨੇ ਕਿਹਾ ਕਿ ਜੇਕਰ ਪ੍ਰਿਯੰਕਾ ਨੇ ਆਪਣੇ ਪੱਤੇ ਸਹੀ ਤਰੀਕੇ ਨਾਲ ਖੇਡੇ ਤਾਂ ਉਹ ਆਪਣੀ ਦਾਦੀ ਦੀ ਤਰ੍ਹਾਂ ‘ਰਾਣੀ’ ਬਣ ਕੇ ਉਭਰੇਗੀ।