ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤੋਹਫਿਆਂ ਨੂੰ ਨੀਲਾਮ ਕਰਨ ਦੀ ਪ੍ਰਕਿਰਿਆ ਐਤਵਾਰ ਨੂੰ ਸ਼ੁਰੂ ਹੋਈ। ਰਾਸ਼ਟਰੀ ਆਧੁਨਿਕ ਕਲਾ ਮਿਊਜ਼ੀਅਮ (ਐੱਨ.ਜੀ.ਐੱਮ.ਏ.), ਦਿੱਲੀ ‘ਚ ਆਯੋਜਿਤ ਨੀਲਾਮੀ ਤੋਂ ਜੁਟਾਈ ਗਈ ਧਨ ਰਾਸ਼ੀ ਦੀ ਵਰਤੋਂ ਸਰਕਾਰ ਦੀ ਮਹੱਤਵਪੂਰਨ ਗੰਗਾ ਪ੍ਰੋਜੈਕਟ ‘ਚ ਹੋਵੇਗੀ। ਤੋਹਫਿਆਂ ਦੀ ਈ-ਨੀਲਾਮੀ ਲਈ ਇਕ ਖਾਸ ਵੈੱਬਸਾਈਟ ਸ਼ੁਰੂ ਕੀਤੀ ਗਈ ਹੈ। ਇਸ ‘ਤੇ ਤੋਹਫਿਆਂ ਦਾ ਵੇਰਵਾ ਵੀ ਹੈ। ਤੋਹਫਿਆਂ ਦੀ ਕੀਮਤ 100 ਰੁਪਏ ਤੋਂ 30 ਹਜ਼ਾਰ ਰੁਪਏ ਦਰਮਿਆਨ ਹੈ। ਕੀਮਤ ਦੇ ਆਧਾਰ ‘ਤੇ ਤੋਹਫਿਆਂ ਬਾਰੇ ਵੈੱਬਸਾਈਟ ‘ਤੇ ਸਰਚ ਕੀਤਾ ਜਾ ਸਕਦਾ ਹੈ।
ਪਿੱਤਲ, ਚੀਕਨੀ ਮਿੱਟੀ, ਕੱਪੜਾ, ਕੱਚ, ਸੋਨਾ, ਧਾਤੂ ਦੀ ਸਮੱਗਰੀ ਆਦਿ ਦੇ ਆਧਾਰ ‘ਤੇ ਤੋਹਫਿਆਂ ਦੀ ਸ਼੍ਰੇਣੀ ਬਣਾਈ ਗਈ ਹੈ। ਹਰੇਕ ਸਮੱਗਰੀ ਦਾ ਆਕਾਰ, ਭਾਰ ਦਾ ਵੇਰਵਾ ਵੀ ਹੈ। ਪ੍ਰਧਾਨ ਮੰਤਰੀ ਨੂੰ ਕਿਸ ਨੇ ਉਹ ਤੋਹਫਾ ਦਿੱਤਾ, ਇਸ ਬਾਰੇ ਵੀ ਦੱਸਿਆ ਗਿਆ ਹੈ। ਨੀਲਾਮੀ ‘ਚ ਰਾਧਾ-ਕ੍ਰਿਸ਼ਨ ਦੀ ਇਕ ਮੂਰਤੀ ਵੀ ਹੈ, ਜਿਸ ‘ਤੇ ਸੋਨਾ ਚੜ੍ਹਾਇਆ ਹੋਇਆ ਹੈ। ਇਸ ਦੀ ਆਧਾਰ ਕੀਮਤ 20 ਹਜ਼ਾਰ ਰੁਪਏ ਰੱਖੀ ਗਈ ਹੈ। ਸੂਰਤ ‘ਚ ਮਾਂਡਵੀ ਨਗਰ ਪਾਲਿਕਾ ‘ਚ 4.76 ਕਿਲੋਗ੍ਰਾਮ ਦੀ ਇਹ ਮੂਰਤੀ ਪ੍ਰਧਾਨ ਮੰਤਰੀ ਨੂੰ ਭੇਟ ਕੀਤੀ ਗਈ ਸੀ। ਸੂਚੀ ‘ਚ ਸਭ ਤੋਂ ਮਹਿੰਗੇ ਤੋਹਫਿਆਂ ‘ਚ 2.22 ਕਿਲੋਗ੍ਰਾਮ ਦਾ ਇਕ ਸਿਲਵਰ ਪਲੇਟ ਵੀ ਹੈ, ਜਿਸ ਦੀ ਕੀਮਤ 30 ਹਜ਼ਾਰ ਰੁਪਏ ਹੈ। ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸੀ. ਨਰਸਿਮਹਾ ਨੇ ਪ੍ਰਧਾਨ ਮੰਤਰੀ ਇਹ ਤੋਹਫਾ ਦਿੱਤਾ ਸੀ। ਸੰਸਕ੍ਰਿਤੀ ਮੰਤਰੀ ਮਹੇਸ਼ ਸ਼ਰਮਾ ਨੇ ਪਹਿਲਾ ਕਿਹਾ ਸੀ ਕਿ ਦੇਸ਼ ਅਤੇ ਵਿਦੇਸ਼ ‘ਚ ਪ੍ਰਧਾਨ ਮੰਤਰੀ ਨੂੰ ਮਿਲੇ 1900 ਤੋਹਫਿਆਂ ਨੂੰ ਨੀਲਾਮੀ ‘ਚ ਰੱਖਿਆ ਜਾਵੇਗਾ।