ਬੈਂਗਲੁਰੂ— ਫਿਲਮ ‘ਉੜੀ ਦਿ ਸਰਜੀਕਲ ਸਟਰਾਈਕ’ ਬਾਕਸ ਆਫਿਸ ‘ਤੇ ਧੂਮ ਮਚਾ ਰਹੀ ਹੈ। ਐਤਵਾਰ ਨੂੰ ਬੈਂਗਲੁਰੂ ਦੇ ਸੈਂਟਰਲ ਸਪ੍ਰਿਟ ਮਾਲ ‘ਚ ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਸਾਬਕਾ ਫੌਜ ਕਰਮਚਾਰੀਆਂ ਨਾਲ ਇਹ ਫਿਲਮ ਦੇਖੀ। ਸੀਤਾਰਮਨ 12.50 ਤੋਂ 3 ਵਜੇ ਦਾ ਸ਼ੋਅ ਦੇਖਣ ਲਈ ਪੁੱਜੀ। ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਟਵਿੱਟਰ ‘ਤੇ ਵੀਡੀਓ ਵੀ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਨੇ ਫਿਲਮ ਨਾਲ ਜੁੜੇ ਕਿਰਦਾਰਾਂ ਦੀ ਤਾਰੀਫ ਵੀ ਕੀਤੀ। ਸਾਬਕਾ ਫੌਜ ਕਰਮਚਾਰੀ ਵੀ ਫਿਲਮ ਦੇਖਣ ਲਈ ਕਾਫੀ ਉਤਸ਼ਾਹਤ ਨਜ਼ਰ ਆਏ।
ਕੁਝ ਦਿਨ ਪਹਿਲਾਂ ਫੌਜ ਦਿਵਸ ਮੌਕੇ ਰੱਖਿਆ ਮੰਤਰੀ ਨੇ ਫੌਜ ਮੁਖੀ ਬਿਪਿਨ ਰਾਵਤ ਦੇ ਘਰ ਆਯੋਜਿਤ ਇਕ ਪ੍ਰੋਗਰਾਮ ‘ਚ ਇਸ ਫਿਲਮ ਦੀ ਸਟਾਰਕਾਸਟ ਨਾਲ ਮੁਲਾਕਾਤ ਵੀ ਕੀਤੀ ਸੀ। ਇਸੇ ਨਾਲ ਉਨ੍ਹਾਂ ਨੇ ਟਵਿੱਟਰ ‘ਤੇ ਫਿਲਮ ਦੇ ਬੇਹੱਦ ਤਾਰੀਫ ਕੀਤੀ ਸੀ।
ਜ਼ਿਕਰਯੋਗ ਹੈ ਕਿ ਵਿੱਕੀ ਕੌਸ਼ਲ ਸਟਾਰਰ ‘ਉੜੀ ਦਿ ਸਰਜੀਕਲ ਸਟਰਾਈਕ’ ਨੇ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਉੜੀ ਦਾ ਬਜਟ 42 ਕਰੋੜ ਦੱਸਿਆ ਜਾ ਰਿਹਾ ਸੀ, ਜਦੋਂ ਕਿ ਮੂਵੀ ਨੇ ਪਹਿਲੇ 10 ਦਿਨਾਂ ‘ਚ 100 ਕਰੋੜ ਦੇ ਕਲੱਬ ‘ਚ ਐਂਟਰੀ ਮਾਰ ਲਈ ਹੈ।