ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਵਲੋਂ ਭਾਜਪਾ ਉਤੇ ਗੁਰੂ ਘਰਾਂ ਵਿਚ ਦਖਲ ਅੰਦਾਜੀ ਕਰਨ ਦੇ ਮਾਮਲੇ ਉਤੇ ਭਾਜਪਾ ਨਾਲੋਂ ਅਕਾਲੀ ਦਲ ਦਾ ਗਠਜੋੜ ਤੋੜ ਲੈਣ ਦੇ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ਅੰਦਰ ਸਿਆਸਤ ਪੂਰੀ ਤਰ੍ਹਾਂ ਨਾਲ ਭੱਖੀ ਹੋਈ ਹੈ। ਇਸ ਸਭ ਦੇ ਬਾਵਜੂਦ ਵੀਰਵਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਵੀਂ ਦਿੱਲੀ ਸਥਿਤ ਘਰ ਵਿਚ ਪਹੁੰਚੇ। ਇਸ ਮੌਕੇ ਰਾਜਨਾਥ ਸਿੰਘ ਨਾਲ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਲੋਕ ਸਭਾ ਸਪੀਕਰ ਸੁਮੀਤਰਾ ਮਹਾਜਨ ਤੇ ਹੋਰ ਕਈ ਭਾਜਪਾ ਆਗੂ ਵੀ ਹਾਜ਼ਰ ਸਨ।
ਪ੍ਰਾਪਤ ਜਾਣਕਾਰੀ ਮੁਤਾਬਕ ਭਾਜਪਾ ਆਗੂਆਂ ਨੂੰ ਬਾਦਲ ਵਲੋਂ ਦੁਪਹਿਰ ਦੇ ਖਾਣੇ ਉਤੇ ਸੱਦਿਆ ਗਿਆ ਸੀ। ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਭ ਨੂੰ ਜੀ ਆਇਆ ਆਖਿਆ। ਰਾਜਨਾਥ ਨੇ ਬਾਦਲ ਘਰ ਖਾਣਾ ਖਾਣ ਤੋਂ ਪਹਿਲਾਂ ਢੋਲ ਵੀ ਵਜਾਇਆ।
ਜ਼ਿਕਰਯੋਗ ਹੈ ਕਿ ਸਿਰਸਾ ਦੇ ਬਿਆਨ ਤੋਂ ਬਾਅਦ ਪੰਜਾਬ ਅੰਦਰ ਅਕਾਲੀ-ਭਾਜਪਾ ਗਠਜੋੜ ਬਾਰੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਣ ਲੱਗ ਪਏ ਸਨ। ਇਸ ਮਾਮਲੇ ਉਤੇ ਜਿਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਿਰਸਾ ਦੀ ਹਮਾਇਤ ਕਰਦਿਆਂ ਗੁਰੂਦੁਆਰਿਆਂ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਦਖਲ ਅੰਦਾਜੀ ਨੂੰ ਸਿੱਖ ਭਾਇਚਾਰੇ ਲਈ ਬਰਦਾਸ਼ਤ ਦੇ ਕਾਬਲ ਨਹੀਂ ਦੱਸਿਆ ਸੀ। ਉਥੇ ਹੀ ਆਰ. ਐਸ. ਐਸ. (ਰਾਸ਼ਟਰੀ ਸਿੱਖ ਸੰਗਠਨ) ਨੇ ਵੀ ਅਕਾਲੀ ਦਲ ਦੇ ਖਿਲਾਫ ਭੜਾਸ ਕੱਢੀ ਸੀ।