ਸ਼ਿਮਲਾ— ਹਿਮਾਚਲ ਪ੍ਰਦੇਸ਼ ‘ਚ ਕੁਫਰੀ ਅਤੇ ਮਨਾਲੀ ਵਰਗੇ ਸੈਰ-ਸਪਾਟੇ ਵਾਲੀਆਂ ਥਾਂਵਾਂ ‘ਤੇ ਵੀਰਵਾਰ ਨੂੰ ਤਾਜ਼ਾ ਬਰਫ਼ਬਾਰੀ ਹੋਣ ਕਾਰਨ ਪੂਰੇ ਰਾਜ ‘ਚ ਠੰਡ ਹੋਰ ਵਧ ਗਈ ਹੈ। ਮੌਸਮ ਵਿਗਿਆਨ ਕੇਂਦਰ, ਸ਼ਿਮਲਾ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੁੱਧਵਾਰ ਦੀ ਸ਼ਾਮ 5.30 ਵਜੇ ਤੋਂ ਵੀਰਵਾਰ ਦੀ ਸਵੇਰ 8.30 ਵਜੇ ਤੱਕ ਸ਼ਿਮਲਾ ਜ਼ਿਲੇ ਦੇ ਕੁਫਰੀ ‘ਚ 5 ਸੈਂਟੀਮੀਟਰ ਬਰਫ਼ਬਾਰੀ ਹੋਈ, ਜਦੋਂ ਕਿ ਕੁੱਲੂ ਜ਼ਿਲੇ ਦੇ ਮਨਾਲੀ ‘ਚ ਤਿੰਨ ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਆਦਿਵਾਸੀ ਜ਼ਿਲਾ ਕੰਨੌਰ ਦੇ ਕਲਪਾ ‘ਚ 6.4 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ, ਜਦੋਂ ਕਿ ਲਾਹੌਲ ਅਤੇ ਸਪੀਤੀ ਦੇ ਪ੍ਰਸ਼ਾਸਨਿਕ ਕੇਂਦਰ ਕੇਲਾਂਗ ‘ਚ 5 ਸੈਂਟੀਮੀਟਰ ਦਰਜ ਕੀਤੀ ਗਈ, ਜੋ ਰਾਜ ਦਾ ਸਭ ਤੋਂ ਠੰਡਾ ਸਥਾਨ ਬਣਿਆ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 15 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਸਿੰਘ ਨੇ ਦੱਸਿਆ ਕਿ ਕਲਪਾ ‘ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 6.8 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਡਲਹੌਜੀ ‘ਚ ਬੁੱਧਵਾਰ ਨੂੰ ਹੋਈ ਬਰਫ਼ਬਾਰੀ ‘ਚ ਤਾਪਮਾਨ ਡਿੱਗ ਕੇ ਜ਼ੀਰੋ ਤੋਂ ਹੇਠਾਂ 0.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਉਨ੍ਹਾਂ ਨੇ ਦੱਸਿਆ ਕਿ ਰਾਜ ਦੀ ਰਾਜਧਾਨੀ ‘ਚ ਬੁੱਧਵਾਰ ਨੂੰ ਹਲਕੀ ਬਾਰਸ਼ ਹੋਈ ਅਤੇ ਇੱਥੇ ਤਾਪਮਾਨ 3.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਿੰਘ ਨੇ ਦੱਸਿਆ ਕਿ ਕੁਫਰੀ ‘ਚ ਤਾਪਮਾਨ ਜ਼ੀਰੋ ਤੋ
ਇਕ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ, ਜਦੋਂ ਕਿ ਮਨਾਲੀ ‘ਚ ਜ਼ੀਰੋ ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਨੇ ਅੱਗੇ ਵੀ ਭਾਰੀ ਬਾਰਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਜ਼ਾਹਰ ਕੀਤੀ ਹੈ।